ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਜੌਹਨ ਹੋਪਕਿੰਨਜ ਯੁਨੀਵਰਸਿਟੀ ਵੱਲੋਂ ਕੀਤੇ ਵਿਸ਼ਲੇਸ਼ਣ ਅਨੁਸਾਰ ਇਸ ਸਮੇ ਅਮਰੀਕਾ ਵਿਚ ਰੋਜ਼ਾਨਾ 43000 ਦੇ ਕਰੀਬ ਕੋਰੋਨਾ ਦੇ ਨਵੇਂ ਮਾਮਲੇ ਆ ਰਹੇ ਹਨ ਜੋ ਕਿ ਅਗਸਤ ਦੇ ਸ਼ੁਰੂ ਵਿਚ ਆਏ ਮਾਮਲਿਆਂ ਦੀ ਤੁਲਨਾ ਵਿਚ 21% ਘੱਟ ਹਨ ਜਦ ਕਿ ਅਜੇ ਵੀ ਵਿਸ਼ਵ ਵਿਚ ਅਮਰੀਕਾ,ਭਾਰਤ ਤੇ ਬਰਾਜ਼ੀਲ ਵਿਚ ਸਭ ਤੋਂ ਵਧ ਨਵੇਂ ਮਰੀਜ਼ ਆ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਮਰੀਜ਼ਾਂ ਦੀ ਗਿਣਤੀ ਘੱਟਣ ਦਾ ਮੁੱਖ ਕਾਰਨ ਲੋਕਾਂ ਵੱਲੋਂ ਮਾਸਕ ਪਾਉਣ ਨੂੰ ਤਰਜੀਹ ਦੇਣਾ ਹੈ।
ਯੁਨੀਵਰਸਿਟੀ ਆਫ ਕੈਲੀਫੋਰਨੀਆ ਸਨਫਰਾਂਸਿਸਕੋ ਵਿਚ ਲਾਗ ਦੀਆਂ ਬਿਮਾਰੀਆਂ ਬਾਰੇ ਮਾਹਿਰ ਵਜੋਂ ਕੰਮ ਕਰ ਰਹੀ ਡਾਕਟਰ ਮੋਨਿਕਾ ਗਾਂਧੀ ਨੇ ਕਿਹਾ ਹੈ ਕਿ ਮਾਮਲੇ ਘੱਟਣ ਦੀ ਖ਼ਬਰ ਬਹੁਤ ਉਤਾਸ਼ਾਹਜਨਕ ਹੈ। ਲੋਕ ਸਮਝ ਗਏ ਹਨ ਕਿ ਵਾਇਰਸ ਕਿਸ ਤਰਾਂ ਫੈਲਦਾ ਹੈ ਇਸ ਲਈ ਉਹ ਮਾਸਕ ਪਾਉਣ ਪ੍ਰਤੀ ਸੁਚੇਤ ਹੋ ਗਏ ਹਨ। ਇਸ ਵੇਲੇ ਦੇਸ਼ ਵਿਚ ਰੋਜ਼ਾਨਾ ਤਕਰੀਬਨ 1000 ਮੌਤਾਂ ਹੋ ਰਹੀਆਂ ਹਨ। ਮੌਤਾਂ ਦੀ ਕੁਲ ਗਿਣਤੀ 1,84,796 ਹੋ ਗਈ ਹੈ ਜਦ ਕਿ ਕੁਲ ਪੀੜਤ 60,46,634 ਹਨ। ਹੁਣ ਤੱਕ 33,47,940 ਮਰੀਜ਼ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 95% ਹੈ।