ਅੰਮ੍ਰਿਤਸਰ (ਮੀਡੀਆ ਬਿਊਰੋ) ਕੋਵਿਡ 19 ਮਹਾਂਮਾਰੀ ਦੌਰਾਨ ਕਈ ਐਨ:ਜੀ:ਓਜ਼ ਸੰਸਥਾਵਾਂ ਲੋਕਾਂ ਦੀ ਭਲਾਈ ਲਈ ਅੱਗੇ ਆ ਰਹੀਆਂ ਹਨ ਅਤੇ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਸੇ ਹੀ ਲੜੀ ਤਹਿਤ ਅੱਜ ਐਨ:ਜੀ:ਓਜ਼ ਯੁਨਾਈਟਿਡ ਵੇਅ ਦਿੱਲੀ ਨੇ ਕੋਕਾ ਕੋਲਾ ਫਾਉਂਡੇਸ਼ਨ ਦੀ ਸਹਾਇਤਾ ਨਾਲ ਰੈਡ ਕਰਾਸ ਅੰਮ੍ਰਿਤਸਰ ਨੂੰ ਫਰੰਟ ਲਾਈਨ ਤੇ ਲੜ ਰਹੇ ਕਰੋਨਾ ਯੋਧਿਆਂ ਦੀ ਰੱਖਿਆ ਲਈ 15000 ਦਸਤਾਨੇ, 2450 ਪੀ:ਪੀ:ਈ ਕਿੱਟਾਂ, 5000 ਮਾਸਕ, 1200 ਐਨ 95 ਮਾਸਕ, 5 ਆਈ:ਸੀ:ਯੂ ਬੈਡ, ਸੈਨੀਟਾਈਜਰ 1 ਲਿਟਰ ਦੀਆਂ 50 ਬੋਤਲਾਂ, ਸੈਨੀਟਾਈਜਰ 500 ਐਮ:ਐਲ ਦੀਆਂ 3200 ਬੋਤਲਾਂ, ਹੱਥ ਧੋਣ ਲਈ 500 ਲਿਟਰ ਦੀਆਂ 104 ਬੋਤਲਾਂ ਅਤੇ 20 ਥਰਮਾਮੀਟਰ ਅਤੇ ਸੈਨੀਟਾਈਜਰ ਡਿਸਪੈਨਸਰ ਦੀਆਂ 28 ਬੋਤਲਾਂ ਸ੍ਰ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਨੂੰ ਭੇਂਟ ਕੀਤੀਆਂ।
ਇਸ ਮੌਕੇ ਬੋਲਦਿਆਂ ਸ੍ਰ ਸ਼ਿਵੁਦੁਲਾਰ ਸਿੰਘ ਢਿੱਲੋਂ ਨੇ ਯੂਨਾਈਟਿਡ ਵੇਅ ਐਨ:ਜੀ:ਓ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਇਸ ਸੰਸਥਾ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਲੋੜੀਂਦੇ ਸਮਾਨ ਨੂੰ ਵੱਖ ਵੱਖ ਥਾਂਵਾਂ ਤੇ ਬਣਾੲੈ ਗਏ ਕਰੋਨਾ ਮਰੀਜਾਂ ਦੇ ਇਸਤੇਮਾਲ ਲਈ ਵਰਤਿਆਂ ਜਾਵੇਗਾ। ਸ੍ਰ ਢਿੱਲੋਂ ਨੈ ਦੱਸਿਆ ਕਿ ਇਹ ਜਰੂਰੀ ਸਮਾਨ ਹਸਪਤਾਲਾਂ ਵਿੱਚ ਕੰਮ ਕਰ ਰਹੇ ਸਿਹਤ ਵਰਕਰਾਂ ਅਤੇ ਸਫਾਈ ਵਰਕਰਾਂ ਨੂੰ ਵੀ ਦਿੱਤਾ ਜਾਵੇਗਾ ਤਾਂ ਜੋ ਆਪਣੀ ਸੁਰੱਖਿਆ ਦਾ ਖਿਆਲ ਵੀ ਰੱਖ ਸਕਣ। ਉਨ੍ਹਾਂ ਦੱਸਿਆ ਕਿ ਸਾਡੇ ਸਫਾਈ ਸੇਵਕ ਸਭ ਤੋਂ ਪਹਿਲੇ ਫਰੰਟ ਲਾਈਨ ਦੇ ਯੋਧਾ ਹਨ ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਮੁਸ਼ਕਲ ਦੀ ਘੜੀ ਵਿੱਚ ਡਟੇ ਹੋਏ ਹਨ। ਸ੍ਰ ਢਿੱਲੋਂ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜਰੂਰ ਕਰਨ। ਉਨ੍ਹਾਂ ਦੱਸਿਆ ਕਿ ਮਾਸਕ ਲਗਾਉਣ ਨਾਲ ਹੀ ਅਸੀਂ 80 ਫੀਸਦੀ ਕਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਤੁਹਾਡਾ ਮਾਸਕ ਮੈਨੂੰ ਤੇ ਮੇਰਾ ਮਾਸਕ ਤੁਹਾਨੂੰ ਬਚਾਏਗਾ। ਉਨ੍ਹਾਂ ਕਿਹਾ ਕਿ ਸਾਡੀ ਨਿਜੀ ਜਿੰਮੇਵਾਰੀ ਬਣਦੀ ਹੈ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰੀਏ।
ਯੂਨਾਈਟਿਡ ਵੇਅ ਦਿੱਲੀ ਦੇ ਸ੍ਰੀ ਕਪਿਲ ਕੁਮਾਰੀਆ ਬੋਰਡ ਚੇਅਰ ਨੇ ਡਿਪਟੀ ਕਮਿਸ਼ਨਰ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਕੋਕਾ ਕੋਲਾ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਤੇ ਲੁਧਿਆਣਾ ਵਿਖੇ ਵੀ ਕਰੋਨਾ ਯੋਧਿਆਂ ਲਈ ਲੋੜੀਂਦਾ ਸਾਜੋ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ੍ਰੀ ਕਪਿਲ ਕੁਮਾਰੀਆ ਨੇ ਪੰਜਾਬ ਸਰਕਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਂ ਰਹਿੰਦਿਆਂ ਹੀ ਕੋਵਿਡ -19 ਮਹਾਂਮਾਰੀ ਨੂੰ ਠੱਲ ਪਾਈ ਗਈ ਅਤੇ ਕਰੋਨਾ ਮਹਾਂਮਾਰੀ ਨੂੰ ਰੋਕਣ ਤੋਂ ਬਚਾ ਲਈ ਪਹਿਲਾਂ ਹੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਹਰ ਵੇਲੇ ਕਰੋਨਾ ਯੋਧਿਆਂ ਦੀ ਭਲਾਈ ਲਈ ਉਪਰਾਲੇ ਕਰਦੀ ਰਹੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਸ੍ਰੀ ਸੰਦੀਪ ਰਿਸ਼ੀ ਵਧੀਕ ਕਮਿਸ਼ਨਰ ਨਗਰ ਨਿਗਮ, ਸ੍ਰੀਮਤੀ ਅਨਮਜੋਤ ਕੋਰ ਸਹਾਇਕ ਕਮਿਸ਼ਨਰ, ਡਾ: ਨਵਦੀਪ ਸਿੰਘ ਸਿਵਲ ਸਰਜਨ, ਡਾ: ਰਾਜੀਵ ਦੇਵਗਨ ਪ੍ਰਿੰਸੀਪਲ ਮੈਡੀਕਲ ਕਾਲਜ, ਸ੍ਰੀ ਗੁਰਦੀਪ ਸਿੰਘ ਕੰਧਾਰੀ ਐਮ:ਡੀ ਵੇਵ ਬਿਵਰੇਜਿਸ ਪ੍ਰਾਈਵੇਟ ਲਿਮਟਿਡ, ਸ੍ਰੀ ਸਚਿਨ ਗੋਲਵਾਕਰ ਸੀ:ਈ:ਓ ਯੂਨਾਈਟਿਡ ਵੇਅ ਦਿੱਲੀ, ਮੈਡਮ ਅਪੂਰਵਾ ਭੰਡਾਰੀ ਵੀ ਹਾਜ਼ਰ ਸਨ।