ਫਰਿਜ਼ਨੋ ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਇਸ ਹਫਤੇ ਬੁੱਧਵਾਰ ਦੀ ਰਾਤ ਨਿਊਯਾਰਕ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਤਿੰਨ ਨੈਸ਼ਨਲ ਗਾਰਡ ਮੈਂਬਰਾਂ ਦੀ ਸ਼ੁੱਕਰਵਾਰ ਨੂੰ ਪਛਾਣ ਕਰ ਲਈ ਗਈ ਹੈ। ਨਿਊਯਾਰਕ ਆਰਮੀ ਦੇ ਨੈਸ਼ਨਲ ਗਾਰਡ ਯੂ ਐਚ -60 ਬਲੈਕ ਹਾਕ ਮੈਡੀਕਲ ਨਿਕਾਸੀ ਹੈਲੀਕਾਪਟਰ ਬੁੱਧਵਾਰ ਨੂੰ ਮੈਨਡਨ ਵਿਚ ਇੱਕ ਰੁਟੀਨ ਸਿਖਲਾਈ ਮਿਸ਼ਨ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ ਸਵਾਰ ਸਾਰੇ ਮੈਂਬਰ ਮਾਰੇ ਗਏ ਸਨ। ਇਹਨਾਂ ਤਿੰਨ ਮ੍ਰਿਤਕ ਅਧਿਕਾਰੀਆਂ ਦੀ ਪਛਾਣ ਰੋਚੇਸਟਰ ਦੇ ਮੁੱਖ ਵਾਰੰਟ ਅਫਸਰ 5 ਸਟੀਵਨ ਸਕੋਡਾ(54), ਹਨੋਈ ਫਾਲਜ਼ ਦੇ ਚੀਫ਼ ਵਾਰੰਟ ਅਫਸਰ 4 ਕ੍ਰਿਸ਼ਚੀਅਨ ਕੋਚ (39) ਅਤੇ ਰੋਚੇਸਟਰ ਦੇ ਹੀ ਚੀਫ ਵਾਰੰਟ ਅਫਸਰ 2 ਡੇਨੀਅਲ ਪ੍ਰੀਆਲ ( 30) ਵਜੋਂ ਹੋਈ ਹੈ।
ਨਿਊਯਾਰਕ ਦੇ ਨੈਸ਼ਨਲ ਗਾਰਡਜ਼ ਅਨੁਸਾਰ ਇਸ ਜਾਨਲੇਵਾ ਹਾਦਸੇ ਦੀ ਜਾਂਚ ਜਾਰੀ ਹੈ। ਅਲਾਬਮਾ ਤੋਂ ਜਾਂਚ ਕਰਨ ਵਾਲਿਆਂ ਦੀ ਇੱਕ ਫੌਜੀ ਟੀਮ ਵੀਰਵਾਰ ਨੂੰ ਕਰੈਸ਼ ਵਾਲੀ ਜਗ੍ਹਾ ਦਾ ਵਿਸ਼ਲੇਸ਼ਣ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਪਹੁੰਚ ਗਈ ਹੈ। ਇਹਨਾਂ ਮਾਰੇ ਗਏ ਅਧਿਕਾਰੀਆਂ ਵਿੱਚੋਂ ਸਕੋਡਾ 1987 ਵਿੱਚ ਨੈਸ਼ਨਲ ਗਾਰਡ ‘ਚ ਸ਼ਾਮਿਲ ਹੋਇਆ ਸੀ। ਉਸਨੇ ਸਾਲ 2013 ਅਤੇ 2019 ‘ਚ ਅਫਗਾਨਿਸਤਾਨ ਦੀ ਜੰਗ ਵਿੱਚ ਵੀ ਸੇਵਾਵਾਂ ਨਿਭਾਈਆਂ ਸਨ ਅਤੇ ਲੱਗਭਗ 5,000 ਉਡਾਣ ਦੇ ਘੰਟਿਆਂ ਵਿੱਚ ਹੈਲੀਕਾਪਟਰ ਦੇ ਪਾਇਲਟ ਸਲਾਹਕਾਰ ਵਜੋਂ ਜਾਣਿਆ ਜਾਂਦਾ ਸੀ। ਦੂਜੇ ਮ੍ਰਿਤਕ ਅਧਿਕਾਰੀ ਕੋਚ ਨੇ ਵੀ ਇਰਾਕ ਅਤੇ ਅਫਗਾਨਿਸਤਾਨ ਵਿੱਚ ਕ੍ਰਮਵਾਰ 2008-09 ਅਤੇ 2012-13 ਵਿੱਚ ਸੇਵਾਵਾਂ ਦਿੱਤੀਆਂ ਸਨ ਅਤੇ ਉਹ 2006 ਵਿੱਚ ਹੈਲੀਕਾਪਟਰ ਪਾਇਲਟ ਬਣਿਆ ਸੀ। ਜਦਕਿ 2014 ਅਤੇ 2015 ਵਿਚ ਅਫਗਾਨਿਸਤਾਨ ਵਿੱਚ ਤਾਇਨਾਤ ਪ੍ਰੀਆਲ 2012 ਤੋਂ ਆਰਮੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ।