ਫਰਿਜ਼ਨੋ ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਸੰਯੁਕਤ ਰਾਜ ਵਿੱਚ ਕੋਰੋਨਾਂ ਵਾਇਰਸ ਸਹਾਇਤਾ ਰਾਸ਼ੀ ਨੂੰ ਵਧਾ ਕੇ 2000 ਡਾਲਰ ਤੱਕ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਨਾ ਮਿਲਣ ਦੇ ਕਈ ਦਿਨਾਂ ਬਾਅਦ ਕੁੱਝ ਸਰਾਰਤੀ ਅਨਸਰਾਂ ਵੱਲੋਂ ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੋਨੈਲ ਅਤੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਘਰਾਂ ਦੀ ਭੰਨਤੋੜ ਕੀਤੀ ਗਈ ਹੈ। ਸ਼ਨੀਵਾਰ ਨੂੰ ਹੋਈ ਇਸ ਘਟਨਾ ਵਿੱਚ ਮੈਕਕੋਨੈਲ ਦੇ ਲੂਇਸਵਿਲ, ਕੈਂਟਕੀ ਵਿਚਲੇ ਘਰ ਦੇ ਅਗਲੇ ਦਰਵਾਜ਼ੇ ਤੇ ਚਿੱਟੀ ਸਪਰੇਅ ਪੇਂਟ ਨਾਲ “ਵੇਅਰਜ਼ ਮਾਈ ਮਨੀ” ਅਤੇ ਇੱਕ ਵਿੰਡੋ ਉੱਤੇ ਲਾਲ ਰੰਗ ਵਿੱਚ “ਮਿਚ ਕਿਲਜ਼ ਦ ਪੂਅਰ” ਲਿਖਿਆ ਹੋਇਆ ਸੀ।
ਇਸ ਸੰਬੰਧੀ ਰਿਪਬਲਿਕਨ ਨੇਤਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਨੇ ਆਪਣਾ ਕੈਰੀਅਰ ਪਹਿਲੀ ਸੋਧ ਲਈ ਲੜਨ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਵਿੱਚ ਬਿਤਾਇਆ ਹੈ ਭਾਵੇਂ ਕੋਈ ਉਹਨਾਂ ਨਾਲ ਸਹਿਮਤ ਹੈ ਜਾਂ ਨਹੀਂ।ਇਸ ਭੰਨਤੋੜ ਸੰਬੰਧੀ ਲੂਇਸਵਿਲ ਪੁਲਿਸ ਵਿਭਾਗ ਨੇ ਸ਼ਨੀਵਾਰ ਨੂੰ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਸੀ। ਇਸਦੇ ਇਲਾਵਾ ਪੈਲੋਸੀ ਦੇ ਸੈਨ ਫ੍ਰਾਂਸਿਸਕੋ ਦੇ ਘਰ ਵਿੱਚ ਵੀ ਸ਼ੁੱਕਰਵਾਰ ਨੂੰ ਗੈਰਾਜ਼ ਦੇ ਦਰਵਾਜ਼ੇ ‘ਤੇ ” 2 ਹਜ਼ਾਰ ਡਾਲਰ”, “ਕਿਰਾਇਆ ਰੱਦ ਕਰੋ” ਅਤੇ “ਸਾਨੂੰ ਸਭ ਕੁਝ ਚਾਹੀਦਾ ਹੈ ” ਵਾਕਾਂ ਨੂੰ ਲਿਖਿਆ ਗਿਆ। ਇਸਦੇ ਇਲਾਵਾ ਪੁਲਿਸ ਅਨੁਸਾਰ ਇੱਕ ਸੂਰ ਦਾ ਸਿਰ ਅਤੇ ਨਕਲੀ ਲਹੂ ਵੀ ਜ਼ਮੀਨ ਤੇ ਛੱਡਿਆ ਗਿਆ ਸੀ। ਇਸ ਭੰਨਤੋੜ ਦੇ ਮਾਮਲੇ ਵਿੱਚ ਸੈਨ ਫ੍ਰਾਂਸਿਸਕੋ ਪੁਲਿਸ ਵਿਭਾਗ ਦੀ ਸਪੈਸ਼ਲ ਇਨਵੈਸਟੀਗੇਸ਼ਨ ਡਵੀਜ਼ਨ ਜਾਂਚ ਕਰ ਰਹੀ ਹੈ, ਜਦਕਿ ਪੈਲੋਸੀ ਦੁਆਰਾ ਇਸ ਮਾਮਲੇ ਬਾਰੇ ਫਿਲਹਾਲ ਕਿਸੇ ਟਿੱਪਣੀ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਗਿਆ ਹੈ।
























