ਕੋਵਿਡ-19 ਕਾਰਨ ਬਹੁਤੇ ਭਾਰਤੀ ਪਾੜ੍ਹਿਆਂ ਨੇ ਛੱਡਿਆ ਆਸਟ੍ਰੇਲੀਆ

ਬ੍ਰਿਸਬੇਨ,ਆਸਟ੍ਰੇਲੀਆ ਹਰਜੀਤ ਲਸਾੜਾ) :ਆਸਟ੍ਰੇਲੀਆ ‘ਚ ਘੱਟ ਕੁਆਰੰਟੀਨ ਸਮਰੱਥਾ ਅਤੇ ਕੋਵਿਡ-19 ਨੀਤੀਗਤ ਬਦਲਾਵਾਂ ਕਾਰਣ ਵਿਦੇਸ਼ੀ ਪਾੜ੍ਹਿਆਂ ਨੂੰ ਵਾਪਸ ਲਿਆਉਣ ਵਿੱਚ ਦੇਰੀ ਦੇ ਚੱਲਦਿਆਂ ਸਰਕਾਰ ਦੇ ਸਿੱਖਿਆ, ਹੁਨਰ ਅਤੇ ਰੁਜ਼ਗਾਰ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਇੱਥੇ 10 ਜਨਵਰੀ 2021 ਤੱਕ ਆਸਟ੍ਰੇਲੀਆ ਦੇ 542,106 ਵਿਦਿਆਰਥੀ ਵੀਜ਼ਾ ਧਾਰਕਾਂ ਵਿੱਚੋਂ ਲਗਭਗ 164,000 ਨੂੰ ਅਨਿਸ਼ਚਿਤ ਹਲਾਤਾਂ ਕਾਰਣ ਦੇਸ਼ ਛੱਡਣਾ ਪਿਆ ਹੈ। ਤਾਜ਼ਾ ਰਾਸ਼ਟਰੀ ਅੰਕੜਿਆਂ ਅਨੁਸਾਰ ਤਕਰੀਬਨ 12,740 ਵਿਦਿਆਰਥੀ ਵੀਜ਼ਾ ਧਾਰਕ, ਜਿਨ੍ਹਾਂ ਨੂੰ ਅਨਿਸ਼ਚਿਤ ਹਲਾਤਾਂ ਕਰ ਕੇ ਆਸਟ੍ਰੇਲੀਆ ਛੱਡ ਕੇ ਜਾਣਾ ਪਿਆ, ਉਹ ਭਾਰਤ ਤੋਂ ਸਨ। ਹੁਣ ਤੱਕ 60,394 ਵਿਦਿਆਰਥੀ ਨਿਊ ਸਾਊਥ ਵੇਲਜ਼ ਅਤੇ 56,824 ਵਿਕਟੋਰੀਆ ਸੂਬੇ ਤੋਂ ਆਪਣੇ ਦੇਸ਼ ਜਾਂ ਹੋਰਨਾਂ ਮੁਲਕਾਂ ਲਈ ਵਾਪਸ ਜਾ ਚੁੱਕੇ ਹਨ

ਜਿਸ ਦੇ ਨਤੀਜੇ ਵਜੋਂ ਇਨ੍ਹਾਂ ਰਾਜਾਂ ਨੂੰ ਭਾਰੀ ਆਰਥਕ ਨੁਕਸਾਨ ਹੋਇਆ ਹੈ। ਗੌਰਤਲਬ ਹੈ ਕਿ ਇਹਨਾਂ ‘ਚ ਬਹੁਤੇ ਉਹ ਪਾੜ੍ਹੇ ਸ਼ਾਮਲ ਹਨ ਜੋ ਆਪਣੀ ਪੜ੍ਹਾਈ ਜਾਂ ਤਾਂ ਪੂਰੀ ਕਰ ਚੁੱਕੇ ਹਨ ਜਾਂ ਆਪਣੀ ਪੜ੍ਹਾਈ ਅਜੇ ਸ਼ੁਰੂ ਹੀ ਨਹੀਂ ਕਰ ਸਕੇ ਸਨ। ਇਸ ਤੋਂ ਇਲਾਵਾ ਵਾਪਸ ਆਉਣ ਵਿੱਚ ਅਸਮਰਥ 40,000 ਆਸਟ੍ਰੇਲੀਅਨ ਨਾਗਰਿਕਾਂ ਨੂੰ ਵਾਪਸ ਲਿਆਉਣਾ ਵੀ ਸਰਕਾਰ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਉੱਧਰ ਵਿਦੇਸ਼ੀ ਪਾੜ੍ਹਿਆਂ ਦੀ ਵਾਪਸੀ ਲਈ ਪਾਇਲਟ ਯੋਜਨਾਵਾਂ ‘ਤੇ ਜਾਣਕਾਰੀ ਦਿੰਦਿਆਂ ਸੂਬਾ ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਜੇਮਜ਼ ਮਰਲਿਨੋ ਨੇ ਕਿਹਾ ਹੈ ਕਿ ਸੂਬਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਉੱਤੇ ਸੰਘੀ ਸਰਕਾਰ ਨਾਲ ਬਰਾਬਰ ਰਾਬਤੇ ‘ਚ ਹੈ ਪਰ ਇਸ ਬਾਰੇ ਕੋਈ ਸਮਾਂ-ਸੀਮਾ ਇਸ ਸਮੇਂ ਨਹੀਂ ਦਿੱਤੀ ਜਾ ਸਕਦੀ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਮੰਨਿਆ ਕਿ ਕਰੋਨਾਵਾਇਰਸ ਦੇ ਬਦਲ ਰਹੇ ਰੂਪ ਕਾਰਨ ਅੰਤਰਾਸ਼ਟਰੀ ਸਰਹੱਦਾਂ ਖੋਲਣ ਵਿੱਚ ਅਨਿਸ਼ਚਤਾ ਹੋਰ ਵੱਧ ਗਈ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਮੁੜ ਪਰਤਣ ਵਿੱਚ ਦੇਰੀ ਹੋ ਰਹੀ ਹੈ। ਦੱਸਣਯੋਗ ਹੈ ਕਿ ਚੀਨ ਤੋਂ ਬਾਅਦ ਭਾਰਤ ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਦੇਸ਼ ਹੈ।

Share This :

Leave a Reply