ਅਮਰੀਕਾ ਵਿਚ ਪਹਿਲੇ ਵਿਸ਼ਵ ਯੁੱਧ ਨਾਲੋਂ ਜਿਆਦਾ ਮੌਤਾਂ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਅੱਜ ਤੱਕ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1,21,407 ਹੋ ਗਈ ਹੈ। ਇਹ ਗਿਣਤੀ ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਅਮਰੀਕਨਾਂ ਨਾਲੋਂ ਵਧ ਗਈ ਹੈ। ਪਹਿਲੇ ਵਿਸ਼ਵ ਯੁੱਧ ਵਿਚ 1,16,516 ਅਮਰੀਕਨ ਮਾਰੇ ਗਏ ਸਨ। ਇਸ ਸਮੇ ਕੋਰੋਨਾਵਾਇਰਸ ਨਾਲ ਪੀੜਤ ਅਮਰੀਕਨਾਂ ਦੀ ਗਿਣਤੀ 22,97,190 ਹੈ ਜਦ ਕਿ 9,56,061 ਮਰੀਜ਼ ਠੀਕ ਹੋਏ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਿਚ ਵੱਡੀ ਪੱਧਰ ਉਪਰ ਸੁਧਾਰ ਹੋਇਆ ਹੈ।

ਇਹ ਦਰ ਵਧਕੇ 89% ਹੋ ਗਈ ਹੈ। ਇਹ ਖ਼ਬਰ ਰਾਹਤ ਦੇਣ ਵਾਲੀ ਹੈ ਕਿ ਪਿਛਲੇ ਦਿਨਾਂ ਦੌਰਾਨ ਕੋਰੋਨਾਵਾਇਰਸ ਨਾਲ ਮੌਤਾਂ ਦੀ  ਗਿਣਤੀ ਘਟ ਕੇ 500 ਤੋਂ ਹੇਠਾਂ ਆ ਗਈ ਹੈ। ਹਾਲਾਂ ਕਿ ਨਵੇਂ ਮਰੀਜ਼ਾਂ ਦੇ ਆਉਣ ਦਾ ਸਿਲਸਲਾ ਜਾਰੀ ਹੈ ਪਰ ਨਿਊਯਾਰਕ, ਨਿਊਜਰਸੀ, ਮਾਸਾਚੂਸੈਟਸ, ਇਲੀਨੋਇਸ ਤੇ ਪੈਨਸਿਲਵਾਨੀਆ ਵਰਗੇ ਰਾਜ ਜਿਥੇ ਸਭ ਤੋਂ ਵਧ ਮੌਤਾਂ ਹੋਈਆਂ ਹਨ, ਵਿਚ ਕੋਰੋਨਾਵਾਇਰਸ ਫੈਲਣ ਦੀ ਰਫ਼ਤਾਰ ਮੱਧਮ ਗਈ ਹੈ।
ਕੁਝ ਅਮਰੀਕਨ ਮੇਰੇ ਵਿਰੋਧ ਵਿਚ ਮਾਸਕ ਪਾਉਂਦੇ ਹਨ-ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਕੁਝ ਲੋਕ ਮੇਰੇ ਵਿਰੋਧ ਵਿਚ ਮਾਸਕ ਪਾਉਂਦੇ ਹਨ ਨਾ ਕਿ ਉਹ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਜਿਹਾ ਕਰਦੇ ਹਨ। ਉਨਾਂ ਕਿਹਾ ਕਿ ਮਾਸਕ ਪਾਉਣ ਵਾਲੇ ਲੋਕ ਇਹ ਦੱਸਣਾ ਚਹੁੰਦੇ ਹਨ ਕਿ ਉਹ ਮੈਨੂੰ ਪਸੰਦ ਨਹੀਂ ਕਰਦੇ। ਰਾਸ਼ਟਰਪਤੀ ਟਰੰਪ ਜੋ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਸੈਂਟਰ (ਸੀ.ਡੀ.ਸੀ) ਦੀ ਸਲਾਹ ਦੇ ਉਲਟ ਮਾਸਕ ਨਹੀਂ ਪਾਉਂਦੇ, ਨੇ ਕਿਹਾ ਕਿ ਉਸ ਦੇ ਮਾਸਕ ਮੁੱਦੇ ‘ਤੇ ਲੋਕ ਚਰਚਾ ਕਰਦੇ ਹਨ। ਵਾਲ ਸਟਰੀਟ ਜਰਨਲ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ” ਲੋਕ ਆਪਣੀਆਂ  ਉਂਗਲਾਂ ਮਾਸਕ ਉਪਰ ਫੇਰਦੇ ਹਨ ਤੇ ਫਿਰ ਉਸ ਨੂੰ ਲਾਹ ਦਿੰਦੇ ਹਨ। ਤਦ ਉਹ ਆਪਣੀਆਂ ਉਂਗਲਾਂ ਨਾਲ , ਨੱਕ , ਮੂੰਹ ਤੇ ਅੱਖਾਂ ਨੂੰ ਛੂੰਹਦੇ ਹਨ। ਬਾਅਦ ਵਿਚ ਉਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਵਾਇਰਸ ਦੀ ਲਪੇਟ ਵਿਚ ਕਿਸ ਤਰਾਂ ਆ ਗਏ।” ਸੀ.ਡੀ.ਸੀ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਗਰੌਸਰੀ ਸਟੋਰਾਂ ਤੇ ਹੋਰ ਭੀੜ ਵਾਲੀਆਂ ਥਾਵਾਂ ‘ਤੇ ਜਿਥੇ ਸਮਾਜਿਕ ਦੂਰੀ ਬਣਾਕੇ ਰਖਣੀ ਸੰਭਵ ਨਾ ਹੋਵੇ, ਮਾਸਕ ਪਾਉਣ ਦੀ ਸਿਫਾਰਿਸ਼ ਕੀਤੀ ਹੋਈ ਹੈ ਤੇ ਉਸ ਨੇ ਆਪਣੀ ਇਸ ਸਲਾਹ ਨੂੰ ਵਾਰ ਵਾਰ ਦੁਹਰਾਇਆ ਹੈ।

Share This :

Leave a Reply