ਚੋਣ ਮੁਹਿੰਮ ਤਹਿਤ ਇਕੱਠੇ ਹੋਏ ਲੱਖਾਂ ਡਾਲਰਾਂ ਨਾਲ ਟਰੰਪ ਆਪਣੀਆਂ ਹੀ ਕੰਪਨੀਆਂ ਨੂੰ ਕਰ ਰਿਹਾ ਹੈ ਮਾਲਾਮਾਲ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਵੱਡੇ ਕਾਰੋਬਾਰੀ ਅਦਾਰਿਆਂ ਤੇ ਆਪਣੇ ਹਜਾਰਾਂ ਸਮਰਥਕਾਂ ਤੋਂ ਇਕੱਠੇ ਕੀਤੇ ਲੱਖਾਂ ਡਾਲਰਾਂ ਦੀ ਵਰਤੋਂ ਆਪਣੇ ਹੀ ਹੋਟਲਾਂ, ਰੈਸਤੋਰਾਂ ਤੇ ਕੰਪਨੀਆਂ ਦੇ ਖਾਣ ਪੀਣ ਦੇ ਬਿੱਲਾਂ ਤੇ ਕਿਰਾਇਆਂ ਦੀ ਅਦਾਇਗੀ ਕਰਨ ਲਈ ਕੀਤੀ ਜਾ ਰਹੀ ਹੈ। ਅਹੁੱਦਾ ਸੰਭਾਲਣ ਤੋਂ ਬਾਅਦ ਟਰੰਪ ਨੂੰ ਦਾਨੀਆਂ ਕੋਲੋਂ 23 ਲੱਖ ਡਾਲਰ ਮਿਲੇ ਜਿਨਾਂ ਨਾਲ ਉਸ ਨੇ ਆਪਣੀਆਂ ਕੰਪਨੀਆਂ ਨੂੰ ਮਾਲਾਮਾਲ ਕੀਤਾ। ਉਦਾਹਰਣ ਵਜੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਕਮੇਟੀ ਡੋਨਾਲਡ ਜੇ ਟਰੰਪ ਨਿਊ ਯਾਰਕ ਵਿਚਲੇ ਟਰੰਪ ਟਾਵਰ ਨੂੰ ਚਲਾਉਣ ਲਈ ਪ੍ਰਤੀ ਮਹੀਨਾ 37,542 ਡਾਲਰ ਖਰਚ ਕਰ ਰਹੀ ਹੈ। ਇਹ ਖੁਲਾਸਾ ਫੈਡਰਲ ਚੋਣ ਕਮਿਸ਼ਨ ਦੇ ਰਿਕਾਰਡ ਤੋਂ ਹੋਇਆ ਹੈ। 27 ਜੁਲਾਈ ਨੂੰ ਕਮੇਟੀ ਨੇ ਟਰੰਪ ਕਾਰਪੋਰੇਸ਼ਨ ਨੂੰ ਕਾਨੂੰਨੀ ਤੇ ਆਈ ਟੀ ਸਲਾਹ ਮਸ਼ਵਰੇ ਲਈ 4917 ਡਾਲਰਾਂ ਦੀ ਅਦਾਇਗੀ ਕੀਤੀ।

ਟਰੰਪ ਰੈਸਟੋਰੈਂਟ ਐਲ ਐਲ ਸੀ ਨੂੰ ਹਰ ਮਹੀਨੇ ਕਿਰਾਏ ਵਜੋਂ 3000 ਡਾਲਰ ਪ੍ਰਤੀ ਮਹੀਨਾ ਦਿੱਤੇ ਗਏ। ਮਾਰਚ ਤੇ ਅਪ੍ਰੈਲ ਵਿਚ ਕੇਵਲ ਦੋ ਦਿਨਾਂ ਦੌਰਾਨ ਚੋਣ ਮੁਹਿੰਮ ਕਮੇਟੀ ਨੇ ਟਰੰਪ ਹੋਟਲ ਕੁਲੈਕਸ਼ਨ ਨੂੰ 3,80,000 ਡਾਲਰਾਂ ਦੀ ਅਦਾਇਗੀ ਕੀਤੀ। ਇਥੇ ਵਰਣਨਯੋਗ ਹੈ ਵਰਜੀਨੀਆ ਦੇ ਡੈਮਕਰੈਟਿਕ ਕਾਂਗਰਸ ਮੈਂਬਰ ਗੈਰੀ ਕੋਨੋਲੀ ਜੋ ਸਦਨ ਦੀ ‘ਓਵਰਸਾਈਟ ਐਂਡ ਰਿਫਾਰਮ’ ਕਮੇਟੀ ਦੇ ਸੀਨੀਅਰ ਮੈਂਬਰ ਹਨ, ਪਿਛਲੇ ਸਮੇਂ ਤੋਂ ਨਿਰੰਤਰ ਸੁਚੇਤ ਕਰਦੇ ਰਹੇ ਹਨ ਕਿ ਟਰੰਪ ਚੋਣ ਮੁਹਿੰਮ ਤੋਂ ਇਕੱਠੇ ਹੋਏ ਪੈਸੇ ਸਬੰਧੀ ਢਿੱਲੇ ਵਿੱਤੀ ਨਿਯਮਾਂ ਦਾ ਫਾਇਦਾ ਉਠਾਕੇ ਆਪਣੀਆਂ ਕੰਪਨੀਆਂ ਨੂੰ ਲਾਭ ਪਹੁੰਚਾ ਰਿਹਾ ਹੈ। ਉਨਾਂ ਇਕ ਬਿਆਨ ਵਿਚ ਕਿਹਾ ਹੈ ਕਿ ਡੋਨਾਲਡ ਟਰੰਪ ਆਪਣੀ ਚੋਣ ਮੁਹਿੰਮ ਕਮੇਟੀ ਤੇ ਸੰਘੀ ਸਰਕਾਰ ਨੂੰ ਆਪਣੀ ਨਿੱਜੀ ਬੈਂਕ ਦੀ ਤਰਾਂ ਵਰਤ ਰਿਹਾ ਹੈ। ਰਾਸ਼ਟਰਪਤੀ ਦੀ ਚੋਣ ਮੁਹਿੰਮ ਕਮੇਟੀ ਤੇ ਟਰੰਪ ਆਰਗੇਨਾਈਜੇਸ਼ਨ ਦਾ ਕੋਈ ਵੀ ਅਧਿਕਾਰੀ ਇਸ ਸਬੰਧੀ ਟਿੱਪਣੀ ਕਰਨ ਲਈ ਸਾਹਮਣੇ ਨਹੀਂ ਆਇਆ ਹੈ।

Share This :

Leave a Reply