ਕੈਲੇਫੋਰਨੀਆਂ ਵਿੱਚ ਭਿਆਨਕ ਅੱਗ ਕਾਰਨ ਲੱਖਾਂ ਏਕੜ ਸੜਕੇ ਸਵਾਹ..! ਸਟੇਟ ਐਮਰਜੈਂਸੀ ਦਾ ਐਲਾਨ।

ਅਮਰੀਕਾ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਅਮਰੀਕਾ ਦੇ ਕੈਲੀਫੋਰਨੀਆ ਦੇ ਲੇਕ ਕਾਉਂਟੀ ਤੇ ਨਾਪਾ ਕਾਉਂਟੀ ਦੇ ਜੰਗਲਾਂ ਵਿਚ ਲੱਗੀ ਅੱਗ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨੂੰ ‘ਐਪਲ ਫਾਇਰ’ ਦਾ ਨਾਮ ਦਿੱਤਾ ਗਿਆ ਹੈ। ਹੁਣ ਤੱਕ ਇਸ ਨੇ 1.2 ਲੱਖ ਏਕੜ ਜੰਗਲਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਨਾਲ ਕਈ ਇਲਾਕਿਆਂ ਵਿਚ ਤਾਪਮਾਨ ਵੱਧ ਰਿਹਾ ਹੈ। ਫਾਇਰ ਵਿਭਾਗ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਲਿਜਾਣ ਦਾ ਆਦੇਸ਼ ਦਿੱਤਾ ਹੈ। ਹੁਣ ਤੱਕ ਹਜ਼ਾਰਾਂ ਲੋਕ ਘਰ ਛੱਡ ਕੇ ਜਾ ਚੁੱਕੇ ਹਨ। ਕੈਲੀਫੋਰਨੀਆ ਦੇ ਦੱਖਣੀ ਇਲਾਕੇ ‘ਤੇ ਇਸ ਦਾ ਜ਼ਿਆਦਾ ਅਸਰ ਹੋਇਆ ਹੈ। ਜਾਣਕਾਰੀ ਦੇ ਮੁਤਾਬਕ ਕੈਲੀਫੋਰਨੀਆ ਸੂਬੇ ਵਿਚ ਪਿਛਲੇ 48 ਘੰਟਿਆਂ ਵਿਚ 46 ਹਜ਼ਾਰ ਏਕੜ ਵਿਚ ਅੱਗ ਫੈਲ ਗਈ ਹੈ। ਅੱਗ ਨੇ ਪਹਾੜੀ ਰਹਾਇਸ਼ੀ ਇਲਾਕਿਆਂ ਨੂੰ ਵੀ ਚਪੇਟ ਵਿਚ ਲੈ ਲਿਆ ਹੈ। ਇੱਥੇ ਰਹਿਣ ਵਾਲੇ 1 ਲੱਖ ਤੋਂ ਵਧੇਰੇ ਲੋਕਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ। ਖੇਤਰ ਵਿਚ ਦਰਜਨਾਂ ਘਰ ਅਤੇ ਮੋਬਾਇਲ ਹੋਮ ਪੂਰੀ ਤਰ੍ਹਾਂ ਸੜ ਚੁੱਕੇ ਹਨ। ਇਸ ਦੇ ਬਾਅਦ ਗਵਰਨਰ ਗੌਵਿਨ ਨਿਊਸਮ ਨੇ ਰਾਜ ਵਿਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਅਗਲੇ 48 ਘੰਟੇ ਚੁਣੌਤੀਪੂਰਨ ਹਨ। ਉੱਧਰ ਲਾਸ ਏਂਜਲਸ ਤੋਂ 15 ਲੱਖ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਫੌਰੇਸਟੀ ਅਤੇ ਫਾਇਰ ਪ੍ਰੋਟੈਕਸ਼ਨ ਵਿਭਾਗ ਦੇ ਮੁਤਾਬਕ ਇਸ ਸਾਲ ਇੱਥੇ ਜੰਗਲਾਂ ਵਿਚ ਅੱਗ ਦੀਆਂ 5672 ਘਟਨਾਵਾਂ ਹੋਈਆਂ ਹਨ, ਜਿਸ ਵਿਚ 2.04 ਲੱਖ ਏਕੜ ਜੰਗਲ ਤਬਾਹ ਹੋ ਚੁੱਕਾ ਹੈ। ਫਾਇਰ ਵਿਭਾਗ ਦੀ ਟੀਮ ਅੱਗ ‘ਤੇ ਕਾਬੂ ਪਾਉਣ ਵਿਚ ਜੁਟੀ ਹੋਈ ਹੈ। 1500 ਤੋਂ ਵਧੇਰੇ ਫਾਇਰ ਫਾਈਟਰਜ਼ ਨੂੰ ਇਸ ਕੰਮ ਵਿਚ ਲਗਾਇਆ ਗਿਆ ਹੈ। ਅੱਗ ਬੁਝਾਉਣ ਵਿਚ ਹੈਲੀਕਾਪਟਰ ਅਤੇ ਵਾਟਰ ਡਪਿੰਗ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ। ਅੱਗ ਪਹਾੜੀ ਇਲਾਕਿਆਂ ਵਿਚ ਫੈਲਣ ਦੇ ਕਾਰਨ ਇਸ ਨੂੰ ਬੁਝਾਉਣ ਵਿਚ ਕਰਮੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇ-ਏਰੀਆ ਦੇ ਨੇੜਲੇ ਸ਼ਹਿਰ ਵਾਕਾਵਿੱਲ ਸ਼ਹਿਰ ਵਿੱਚ ਵੀ ਅੱਗ ਨੇ ਕਹਿਰ ਮਚਾਇਆ ਹੋਇਆ ਹੈ। ਫਰਿਜ਼ਨੋ ਕਾਉਂਟੀ ਵਿੱਚ ਅੱਗ ਬਝਾਉਦੇ ਹੈਲੀਕਾਪਟਰ ਦਾ ਹਾਦਸਾ ਹੋਣ ਕਰਤੇ ਪਾਈਲਟ ਦੇ ਮਾਰੇ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਉਸ ਸਮੇਂ ਪੂਰੇ ਕੈਲੇਫੋਰਨੀਆਂ ਵਿੱਚ ਘੱਟੋ ਘੱਟ 90 ਥਾਂਵਾਂ ਤੇ ਅੱਗਾ ਲੱਗੀਆਂ ਹੋਈਆ ਹਨ। ਹਰੇਕ ਸਾਲ ਅਗਸਤ -ਸਤੰਬਰ ਦੇ ਮਹੀਨਿਆਂ ਅੰਦਰ ਕੈਲੇਫੋਰਨੀਆਂ ਵਿੱਚ ਭਿਆਨਕ ਅੱਗਾ ਲੱਗਦੀਆਂ ਹਨ ਜਿਸ ਕਰਕੇ ਇੱਥੇ ਹਰੇਕ ਸਾਲ ਭਾਰੀ ਗਿਣਤੀ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਹ ਮਹੀਨੇ ਕੈਲੇਫੋਰਨੀਆਂ ਦੇ ਸਭ ਤੋਂ ਖੁਰਕ ਤੇ ਗਰਮ ਮਹੀਨੇ ਗਿਣੇ ਜਾਂਦੇ ਹਨ। ਜਦੋਂ ਤੱਕ ਦਸੰਬਰ ਮਹੀਨੇ ਤੱਕ ਮੀਂਹ ਦਾ ਸੀਜਨ ਸ਼ੁਰੂ ਨਹੀਂ ਹੁੰਦਾ ਤਦ ਤੱਕ ਇੱਥੇ ਅੱਗ ਦਾ ਡਰ ਨਿਰੰਤਰ ਜਾਰੀ ਰਹਿੰਦਾ ਹੈ।

Share This :

Leave a Reply