ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਕੋਵਿਡ ਮਹਾਮਾਰੀ ਖਿਲਾਫ਼ ਜੰਗ ਵਿਚ ਮਾਸਕ ਇਕ ਬੇਹੱਦ ਕਾਰਗਰ ਹਥਿਆਰ ਹੈ, ਪਰੰਤੂ ਸਾਨੂੰ ਇਸ ਦੀ ਵਰਤੋਂ ਠੀਕ ਢੰਗ ਨਾਲ ਕਰਨੀ ਆਉਣੀ ਚਾਹੀਦੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਾਸਕ ਪਹਿਨਣ ਦੇ ਸਹੀ ਢੰਗ ਨੂੰ ਦਰਸਾਉਣ ਲਈ ਤਿਆਰ ਕਰਵਾਇਆ ਪੋਸਟਰ ਜਾਰੀ ਕਰਨ ਮੌਕੇ ਕੀਤਾ। ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਮਾਸਕ ਸਭ ਤੋਂ ਉਪਯੋਗੀ ਸਾਧਨ ਹੈ, ਜੇਕਰ ਇਸ ਦੀ ਵਰਤੋਂ ਠੀਕ ਤਰੀਕੇ ਨਾਲ ਕੀਤੀ ਜਾਵੇ। ਉਨਾਂ ਕਿਹਾ ਕਿ ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਕਈ ਲੋਕ ਮਾਸਕ ਨਾਲ ਕੇਵਲ ਆਪਣਾ ਮੂੰਹ ਹੀ ਢਕਦੇ ਹਨ ਅਤੇ ਨੱਕ ਨਹੀਂ।
ਉਨਾਂ ਕਿਹਾ ਕਿ ਕੋਵਿਡ ਤੋਂ ਸੁਰੱਖਿਆ ਲਈ ਮੂੰਹ ਅਤੇ ਨੱਕ ਦੋਵੇਂ ਚੰਗੀ ਤਰਾਂ ਢਕਣੇ ਜ਼ਰੂਰੀ ਹਨ, ਤਾਂ ਹੀ ਮਾਸਕ ਲਗਾਉਣ ਦਾ ਫਾਇਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਸਕ ਪਹਿਨਣ ਦੇ ਸਹੀ ਢੰਗ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਹੋਰਡਿੰਗਜ਼ ਵੀ ਜਨਤਕ ਥਾਵਾਂ ’ਤੇ ਲਗਾਏ ਜਾਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ’ਤੇ ਫ਼ਤਿਹ ਹਾਸਲ ਕਰਨ ਲਈ ਸਹਿਯੋਗ ਕਰਨ ਅਤੇ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਸਾਵਧਾਨੀਆਂ ਯਕੀਨੀ ਬਣਾਉਣ। ਇਸ ਮੌਕੇ ਸ਼ੰਮੀ ਠਾਕੁਰ, ਰਾਜ ਕੁਮਾਰ ਅਤੇ ਹਰਮਨਦੀਪ ਸਿੰਘ ਹਾਜ਼ਰ ਸਨ।