ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਸਕੂਲ ਖੱਬੇ ਪੱਖੀ ਸੋਚ ਰਖਦੇ ਹਨ -ਟਰੰਪ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਕੋਰੋਨਾਵਾਇਰਸ ਮਹਾਮਾਰੀ ਕਾਰਨ ਸਕੂਲ ਤੇ ਕਾਲਜ ਮੁੜ ਖੋਲਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਖਿਝੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਵਿਦਿਅੱਕ ਸੰਸਥਾਵਾਂ ਨੂੰ ਮਿਲਦੀ ਟੈਕਸ ਛੋਟ ਖਤਮ ਕਰ ਦਿੱਤੀ ਜਾਵੇਗੀ। ਰਾਸ਼ਟਰਪਤੀ ਨੇ ਟਵੀਟ ਕੀਤਾ ਹੈ ਕਿ ”ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਸਕੂਲ ਖੱਬੇ ਪੱਖੀ ਸੋਚ ਰਖਦੇ ਹਨ ਤੇ ਉਨਾਂ ਦੀ ਸਿੱਖਿਆ ਪ੍ਰਤੀ ਪਹੁੰਚ ਨਾਕਾਰਾਤਮਿਕ ਹੈ। ਇਸ ਲਈ ਮੈ ਵਿੱਤ ਵਿਭਾਗ ਨੂੰ ਕਹਿ ਰਿਹਾ ਹਾਂ ਕਿ ਸਿੱਖਿਆ ਸੰਸਥਾਵਾਂ ਦੇ ਟੈਕਸ ਛੋਟ ਰੁਤਬੇ ਬਾਰੇ ਮੁੜ ਪੜਚੋਲ ਕੀਤੀ ਜਾਵੇ।” ਐਸੋਸੀਏਸ਼ਨ ਆਫ ਅਮਰੀਕਨ ਯੂਨੀਵਰਸਿਟੀਜ਼ ਅਨੁਸਾਰ ਇੰਟਰਨਲ ਰੈਵਨਿਊ ਕੋਡ ਤਹਿਤ ਬਹੁ ਗਿਣਤੀ ਵਿਚ ਨਿੱਜੀ ਤੇ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵਿਦਿਅਕ ਮੰਤਵ ਵਾਸਤੇ ਟੈਕਸ ਛੋਟ ਮਿਲੀ ਹੋਈ ਹੈ।

ਉਹ ਸੰਘੀ ਕਾਨੂੰਨ ਤਹਿਤ ਛੋਟ ਦੇ ਹੱਕਦਾਰ ਹਨ। ਇਥੇ ਵਰਣਨਯੋਗ ਹੈ ਕਿ ਰਾਸ਼ਟਰਪਤੀ ਚਹੁੰਦੇ ਹਨ ਕਿ ਇਸ ਪੱਤਝੜ ਰੁੱਤੇ ਯੁਨੀਵਰਸਿਟੀਆਂ ਤੇ ਕਾਲਜ ਖੋਲ ਦਿੱਤੇ ਜਾਣ। ਉਨਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਹਾਵਰਡ ਯੂਨੀਵਰਸਿਟੀ ਵੱਲੋਂ ਅਕੈਡਮਿਕ ਸਾਲ 2020-2021 ਲਈ ਪੜਾਈ ਆਨ ਲਾਈਨ ਕਰਵਾਉਣ ਦੇ ਨਿਰਨੇ ਦੀ ਅਲੋਚਨਾ ਕਰਦਿਆਂ ਕਿਹਾ ਸੀ ਕਿ ਇਹ ਬੇਤੁਕੀ ਗੱਲ ਹੈ ਤੇ ਭੱਜਣ ਦਾ ਅਸਾਨ ਤਰੀਕਾ ਹੈ। ਲੰਘੇ ਵੀਰਵਾਰ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ”ਸਕੂਲ ਹਰ ਹਾਲਤ ਵਿਚ ਖੋਲੇ ਜਾਣਗੇ ਹਾਲਾਂ ਕਿ ਸਥਾਨਕ ਅਧਿਕਾਰੀਆਂ ਨੂੰ ਇਸ ਵਾਸਤੇ ਮਜਬੂਰ ਕਰਨ ਲਈ ਉਨਾਂ ਕੋਲ ਕਾਨੂੰਨੀ ਅਥਾਰਿਟੀ ਨਹੀਂ ਹੈ।”
ਹਸਪਤਾਲ ਦੌਰੇ ਦੌਰਾਨ ਮਾਸਕ ਪਾਵਾਂਗਾ-
ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਦੌਰੇ ਦੌਰਾਨ ਉਹ ਮਾਸਕ ਪਾਉਣਗੇ। ਰਾਸ਼ਟਰਪਤੀ ਜਨਤਿਕ ਤੌਰ ‘ਤੇ ਮਾਸਕ ਨਹੀਂ ਪਾਉਂਦੇ ਪਰ ਉਨਾਂ ਨੇ ਕਿਹਾ ਹੈ ਕਿ ਉਹ ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਾਉਣਗੇ। ਟਰੰਪ ਨੇ ਫੌਕਸ ਨਿਊਜ਼ ਦੇ ਮੇਜ਼ਬਾਨ ਸੀਨ ਹੈਨਿਟੀ ਨੂੰ ਦਸਿਆ ਕਿ ਵਾਲਟਰ ਰੀਡ ਜਾਣ ਮੌਕੇ ਆਸ ਹੈ ਕਿ ਮੈ ਮਾਸਕ ਪਾਵਾਂਗਾ ਕਿਉਂਕਿ ਇਹ ਹਸਪਤਾਲ ਹੈ। ਮੈਨੂੰ ਮਾਸਕ ਨਾਲ ਕੋਈ ਸਮੱਸਿਆ ਨਹੀਂ ਹੈ। ਉਨਾਂ ਹੋਰ ਕਿਹਾ ਕਿ ਜੇਕਰ ਤੁਸੀਂ ਸਹਿਜ ਮਹਿਸੂਸ ਕਰਦੇ ਹੋ ਤਾਂ ਮਾਸਕ ਪਾਉਣਾ ਬਹੁਤ ਵਧੀਆ ਗੱਲ ਹੈ।

Share This :

Leave a Reply