ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਨੌਰਥ ਡਕੋਟਾ ਦੀ ਇੱਕ ਅਦਾਲਤ ਵਿੱਚ ਇੱਕ ਵਿਅਕਤੀ ਵੱਲੋਂ ਆਪਣਾ ਗਲਾ ਕੱਟ ਕੇ ਖੁਦਕੁਸ਼ੀ ਕੀਤੀ ਗਈ ਹੈ। ਰਿਪੋਰਟਾਂ ਦੇ ਅਨੁਸਾਰ ਇਸ ਵਿਅਕਤੀ ਨੇ ਸੋਮਵਾਰ ਨੂੰ ਨੌਰਥ ਡਕੋਟਾ ਦੀ ਇੱਕ ਅਦਾਲਤ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਆਤਮ ਹੱਤਿਆ ਨੂੰ ਅੰਜਾਮ ਦਿੱਤਾ।

ਨੌਰਥ ਡਕੋਟਾ ਦੇ ਯੂ ਐਸ ਮਾਰਸ਼ਲ ਡਲਾਸ ਕਾਰਲਸਨ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੇ ਜੱਜ, ਕੋਰਟ ਰੂਮ ਦੇ ਕਰਮਚਾਰੀਆਂ ਅਤੇ ਹੋਰ ਗਵਾਹਾਂ ਦੇ ਸਾਹਮਣੇ ਫਾਰਗੋ ਸਥਿਤ ਕੋਰਟ ਰੂਮ ਦੇ ਅੰਦਰ ਇੱਕ ਤਿੱਖੇ ਹਥਿਆਰ ਨਾਲ ਆਪਣੇ ਗਲੇ ਨੂੰ ਕੱਟ ਦਿੱਤਾ। ਇਸ ਘਟਨਾ ਦੇ ਸਮੇਂ ਜਿਊਰੀ, ਜਿਸਨੇ ਇਸ ਆਦਮੀ ਨੂੰ ਕੁੱਝ ਮਾਮਲਿਆਂ ਵਿੱਚ ਦੋਸ਼ੀ ਪਾਇਆ ਸੀ, ਅਦਾਲਤ ਦੇ ਅੰਦਰ ਨਹੀਂ ਸੀ। ਇਸ ਘਟਨਾ ਦੇ ਸੰਬੰਧ ਵਿੱਚ ਯੂ ਐਸ ਮਾਰਸ਼ਲ ਅਤੇ ਐਫ ਬੀ ਆਈ ਅਧਿਕਾਰੀ ਇਸ ਆਦਮੀ ਦੀ ਮੌਤ ਦੀ ਜਾਂਚ ਕਰ ਰਹੇ ਹਨ।