ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਰਾਜਧਾਨੀ ਲੰਡਨ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਨੱਥ ਪਾਉਣ ਲਈ ਲੰਡਨ ਪੁਲਿਸ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਮੈਟਰੋਪੋਲੀਟਨ ਪੁਲਿਸ ਨੇ 400 ਤੋਂ ਵੱਧ ਚਾਕੂ ਜ਼ਬਤ ਕੀਤੇ ਹਨ ਅਤੇ ਲੰਡਨ ਵਿੱਚ ਹਿੰਸਕ ਅਪਰਾਧਾਂ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਰਾਸ਼ਟਰੀ ਮੁਹਿੰਮ ਵਿੱਚ ਲੱਗਭਗ 1000 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪੁਲਿਸ ਦੁਆਰਾ 26 ਅਪ੍ਰੈਲ ਤੋਂ 2 ਮਈ ਤੱਕ ਚਲਾਈ ਇਸ ਮੁਹਿੰਮ ਦੇ ਤਹਿਤ ਅਧਿਕਾਰੀਆਂ ਨੇ ਗਸ਼ਤ ਕਰਦਿਆਂ ਤਕਰੀਬਨ 411 ਚਾਕੂ ਅਤੇ 166 ਹੋਰ ਹਥਿਆਰਾਂ ਸਮੇਤ 994 ਗ੍ਰਿਫਤਾਰੀਆਂ ਵੀ ਕੀਤੀਆਂ। ਫੋਰਸ ਨੇ ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨਾਲ ਮਿਲ ਕੇ ਨਸ਼ਾ ਖੋਜਣ ਵਾਲੇ ਕੁੱਤਿਆਂ ਦੀ ਮੱਦਦ ਨਾਲ ਲੋਕਾਂ ਨੂੰ ਰੇਲ ਅਤੇ ਟਿਊਬ ਨੈਟਵਰਕਸ ‘ਤੇ ਹਥਿਆਰ ਅਤੇ ਨਸ਼ਾ ਲੈ ਜਾਣ ਤੋਂ ਰੋਕਣ ਲਈ ਕਾਰਵਾਈ ਕੀਤੀ।
ਇਸ ਕਾਰਵਾਈ ਵਿੱਚ ਅਧਿਕਾਰੀਆਂ ਨੇ ਆਟੋਮੈਟਿਕ ਨੰਬਰ ਪਲੇਟ ਪਹਿਚਾਣ ਟੈਕਨਾਲੌਜੀ ਦੀ ਵਰਤੋਂ ਕਰਦਿਆਂ ਲੰਡਨ ਦੇ ਅੰਦਰ ਅਤੇ ਬਾਹਰ ਦੀਆਂ ਸੜਕਾਂ ‘ਤੇ ਨਸ਼ਾ ਲਿਆਉਣ ਅਤੇ ਸਪਲਾਈ ਕਰਨ ਵਾਲੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਇੱਕ ਅਧਿਕਾਰੀ ਐਲੈਕਸ ਮਰੇ ਅਨੁਸਾਰ ਇਸ ਕਾਰਵਾਈ ਨੇ ਲੰਡਨ ਵਿੱਚ ਹਿੰਸਕ ਅਪਰਾਧ ਨੂੰ ਘੱਟ ਕਰਨ ਲਈ ਹਾਲ ਦੀ ਘੜੀ ਵੱਡੀ ਸਫਲਤਾ ਹਾਸਲ ਕੀਤੀ ਹੈ।