ਸਾਹਿਤਕ ਟਿੱਪਣੀ : ਲੇਖਕ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਿਤ ਕਰਨ

ਇੱਥੇ ਆਸਟ੍ਰੇਲੀਆ ‘ਚ ਰਹਿੰਦਿਆਂ ਮੈਨੂੰ ਬਾਰਾਂ ਵਰ੍ਹੇ ਹੋ ਗਏ ਹਨ ਅਤੇ ਇਸ ਲੰਘੇ ਸਮੇਂ ‘ਚ ਮੈਂ ਆਪਣੀ ਜਨਮ ਭੌਏ ਦੀ ਮਹੱਤਤਾ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਲਾਗੇ ਹੋਕੇ ਸਮਝਿਆ ਅਤੇ ਜਾਣਿਆ। ਹਰ ਸੱਜਰੀ ਸਵੇਰ ਨੇ ਮੈਨੂੰ ਜਗਿਆਸੂ ਬਣਾਇਆ ਕਿ ਮੈਂ ਵੀ ਮਾਂ ਬੋਲੀ ਲਈ ਆਪਣੇ ਵੱਲੋਂ ਕੋਈ ਤਿੱਲ-ਫੁੱਲ ਪਾ ਸਕਾਂ। ਮੇਰੀ ਹਿੰਮਤ ਤੇ ਲਗਨ ਨੂੰ ਹੌਂਸਲੇ ਦੇ ਖੰਭ ਲੱਗੇ ਤੇ ਮੇਰੀ ਕਲਮ ਨੇ ਕੁੱਝ ਲਿੱਖਣਾ ਸਿੱਖਦਿਆਂ ਕਰੋਨਾ ਮਹਾਂਮਾਰੀ ਦੀ ਤਾਲਾਬੰਦੀ ਦੌਰਾਨ ਵਿਹਲ ਨਾ ਮਿਲਣ ਦੇ ਉਲਾਂਭੇ ਦਾ ਉਲਾਂਭਾ ਲਾਹਿਆ। ਪਿਛਲੇ ਪੰਜ ਮਹੀਨੇ ਤੋਂ ਮੈਂ ਘਰ ਰਹਿ ਕੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕੀਤਾ, ਬੱਚਿਆਂ ਨਾਲ ਖੇਡਿਆ, ਉਹਨਾਂ ਸੰਗ ਚੰਗੀਆਂ ਗੱਲਾਂ ਬਾਤਾਂ ਕੀਤੀਆਂ, ਉਹਨਾਂ ਮੈਨੂੰ ਤੇ ਮੈਂ ਉਹਨਾਂ ਨੂੰ ਰੂਹ ਤੋਂ ਮਹਿਸੂਸ ਕੀਤਾ ਅਤੇ ਬੱਚਿਆਂ ਦੇ ਅੰਦਰਲੇ ਜਜ਼ਬਾਤਾਂ ਨੂੰ ਸਮਝਣ ਦੀ ਨਿਮਾਣੀ ਜਿਹੀ ਕੋਸ਼ਿਸ਼ ਵੀ ਕੀਤੀ। ਬੱਚਿਆਂ ਨੂੰ ‘ਪੈਂਤੀ’ (ਓ ਅ…) ਪੜਾਉਣ ਲਈ ਪ੍ਰੇਰਤ ਕੀਤਾ। ਮਾਂ ਬੋਲੀ ਪੰਜਾਬੀ ਨਾਲ ਜੁੜਣ ਲਈ ਬੜੇ ਸਤਿਕਾਰ ਨਾਲ ਸਮਝਾਇਆ ਤੇ ਬੱਚਿਆਂ ਨੇ ਵੀ ਬੜੀ ਸ਼ਿੱਦਤ ਨਾਲ ਪੈਂਤੀ ਪੜ੍ਹਨੀ ਸ਼ੁਰੂ ਕੀਤੀ। ਬੱਚੇ ਮੇਰੀਆਂ ਕਹੀਆਂ ਗੱਲਾਂ ‘ਤੇ ਖਰੇ ਉਤਰੇ ਅਤੇ ਮੇਰਾ ਮਨ ਜਿੱਤ ਲੈ ਗਏ। ਅੱਜ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਮੇਰੀਆਂ ਆਪਣੀਆਂ ਲਿਖਤਾਂ (ਗੀਤ ਅੱਕੇ ਕਵਿਤਾਵਾਂ ਆਦਿ) ਨੂੰ ਜਿੱਥੇ ਮੇਰੇ ਪਿਆਰੇ ਪਾਠਕ ਰੂਹ ਨਾਲ ਪੜ੍ਹਦੇ ਹਨ, ਉੱਥੇ ਮੇਰੇ ਅਪਣੇ ਬੱਚੇ ਵੀ ਪੜ੍ਹਨ ਦੇ ਇਛੁੱਕ ਹੋਏ ਹਨ। ਇਸਤੋਂ ਵੱਡੀ ਕਮਾਈ ਹੋਰ ਕੀ ਹੋ ਸਕਦੀ ਹੈ ਕਿ ਉਹ ਭਾਸ਼ਾ ਜਿਹੜੀ ਮੇਰੀ ਜਨਮ ਭੌਏ ਤੇ ਮੇਰੇ ਮਾਂ-ਬਾਪ ਵੱਲੋਂ ਮੈਨੂੰ ਦਿੱਤੀ ਅੱਜ ਚਾਂਈ-ਚਾਂਈ ਅਗਲੀ ਪੀੜ੍ਹੀ ‘ਚ ਪਰਵੇਸ਼ ਕਰ ਗਈ। ਇਹਨਾਂ ਨੂੰ ਮਾਂ ਬੋਲੀ ਸੰਗ ਹੱਸਦਾ/ਖੇਡਦਾ ਦੇਖ ‘ਸ਼ੁਕਰ ਦਾਤਿਆ’ ਕਹਿਣ ਨੂੰ ਜੀਅ ਕਾਹਲਾ ਪੈਂਦਾ ਹੈ।

ਇਸ ਲਈ ਦੇਸ਼ਾਂ/ਵਿਦੇਸ਼ਾਂ ‘ਚ ਵਸਦੇ ਹਰ ਪੰਜਾਬੀ ਨੂੰ ਇਹੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਹੋਰ ਭਸ਼ਾਵਾਂ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇ ਆਧਾਰ ‘ਤੇ ਪੜ੍ਹਾਓ। ਕਿਸੇ ਲੇਖਕ ਦਾ ਆਪਣਾ ਖੂਨ ਹੀ ਅਗਰ ਮਾਂ ਬੋਲੀ ਤੋਂ ਵਾਂਝਾ ਰਹਿ ਗਿਆ ਤਾਂ ਇਸਤੋਂ ਵੱਡੀ ਭਾਸ਼ਾਈ ਤ੍ਰਾਸਦੀ ਕੀ ਹੋ ਸਕਦੀ ਹੈ? ਬੇਲੋੜੇ ਸਨਮਾਨ ਦੀ ਭੁੱਖ ਅਤੇ ਫੋਕੀ ਹੈਂਕੜਬਾਜੀ ਵਿਸਾਰ ਲੇਖਕਾਂ ਨੂੰ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦੀ ਜ਼ਰੂਰਤ ਹੈ। ਇੱਧਰੋਂ-ਉੱਧਰੋਂ ਜੁਗਾੜ ਲਗਾ ਕਿਤਾਬਾਂ ਦੇ ਸਾਰਥੀ ਬਣਨਾ ਸਮੇਂ ਦੀ ਮੰਗ ਨਹੀਂ ਹੈ। ਭਾਸ਼ਾ ਦੀਆਂ ਲਿੱਖਤਾਂ ਨੂੰ ਸ਼ੁੱਧ ਅਤੇ ਸਰਲਤਾ ਦੀ ਲੋੜ ਹੈ। ਔਖਾ ਲਿੱਖਣਾ ਜਾਂ ਔਖੇ ਸ਼ਬਦਾਂ ਦਾ ਸੁਮੇਲ ਮਹਾਨ ਲਿੱਖਿਤਾਂ ਦੀ ਨਿਸ਼ਾਨੀ ਨਹੀਂ ਹੁੰਦਾ। ਬਤੌਰ ਪੰਜਾਬੀ ਲੇਖਕ ਮੇਰਾ ਮੰਨਣਾ ਹੈ ਕਿ ਮੇਰੇ ਵੱਲੋਂ ਪੜ੍ਹਾਏ ਮੇਰੇ ਬੱਚਿਆਂ ਦੀ ਪੜਾਈ ਅੱਗੇ ਜਾ ਕੇ ਹੋਰ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਚੇਟਕ ਜ਼ਰੂਰ ਲਗਾਵੇਗੀ। ਵਿਸ਼ਵ ਦਾ ਹਰ ਪੰਜਾਬੀ ਲੇਖਕ ਜਾਂ ਪਾਠਕ ਅਗਰ ਮੇਰੀਆਂ ਇਹਨਾਂ ਸਤਰਾਂ ਨੂੰ ਪੜ੍ਹ ਰਿਹਾ ਹੈ ਤਾਂ ਆਪਣੇ ਆਪ ਨਾਲ ਜ਼ਰੂਰ ਸਵਾਲ ਕਰੇ ਕਿ ਮੈਂ ਕਿੱਥੇ ਖੜ੍ਹਾ ਹਾਂ ਤੇ ਮੇਰੀਆਂ ਜੜ੍ਹਾਂ ਕਿੱਥੇ ਹਨ? ਕੀ ਮੈਂ ਜਿੱਥੇ ਆਪ ਆਪਣੀ ਮਾਂ ਬੋਲੀ ਦੀਆਂ ਜੜ੍ਹਾਂ ਨਾਲ ਖੜਾਂ ਕੀ ਮੇਰੀ ਔਲਾਦ ਉਹਨਾਂ ਜੜ੍ਹਾਂ ਨਾਲ ਜੁੜੀ ਹੈ ਜਾਂ ਕਿਤੇ ਟੁੱਟ ਤਾਂ ਨਹੀਂ ਗਈ? ਅੱਜ ਮਾਂ ਬੋਲੀ ਆਪਣੀ ਮਹਾਨਤਾ ਅਤੇ ਮਹੱਤਤਾ ਦੀ ਇਮਾਨਦਾਰ ਪੜਚੋਲ ਮੰਗਦੀ ਹੈ। ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ। ਜਾਂ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿਖਦਾ ਹੈ। ਜਾਂ ਜਿਸ ਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਮਾਂ ਬੋਲੀ ਕਿਸੇ ਇਨਸਾਨ ਦੀ ਨਿੱਜੀ, ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੁੰਦੀ ਹੈ। ਮਾਂ ਬੋਲੀ ਕਿਸੇ ਦੀ ਸਿੱਖਿਆ ਦਾ ਹਿੱਸਾ ਹੀ ਨਹੀਂ ਸਗੋਂ ਚਾਰੇ ਪਾਸੇ ਤੋਂ ਉਸ ’ਤੇ ਭਾਰੂ ਹੁੰਦੀ ਹੈ। ਪੰਜਾਬੀ ਦੀ ਸ਼ਬਦ ਸਿਰਜਣ ਸਮਰੱਥਾ ਜਿਵੇਂ ਤਦਭਵ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਮਣੇ ਆਉਂਦੀ ਹੈ, ਇਸ ਤੋਂ ਰੱਤੀ ਭਰ ਵੀ ਸੰਦੇਹ ਨਹੀਂ ਰਹਿ ਜਾਂਦਾ ਕਿ ਪੰਜਾਬੀ ਬੋਲੀ ਦੀ ਸ਼ਬਦ ਸਮਰੱਥਾ ਦੁਨੀਆਂ ਦੀ ਕਿਸੇ ਵੱਡੀ ਤੋਂ ਵੱਡੀ ਭਾਸ਼ਾ ਤੋਂ ਵੀ ਘੱਟ ਨਹੀਂ ਹੈ।
ਆਓ, ਚੰਗੇ ਮਿੱਤਰਾਂ ਵਾਂਗ ਚੰਗੀਆਂ ਕਿਤਾਬਾਂ ਪੜ੍ਹਨ ਲਈ ਇਕ ਦੂਸਰੇ ਨੂੰ ਪ੍ਰੇਰਿਤ ਕਰੀਏ। ਹੋਰ ਪਰਿਵਾਰਕ ਕਮਾਈਆਂ ਵਾਂਗ ਆਪਣੀ ਮਾਂ ਬੋਲੀ ਪੰਜਾਬੀ ਦੇ ਉਸਾਰੂ ਭਵਿੱਖ ਲਈ ਵੀ ਸਮਾਂ ਕੱਢੀਏ।
… ਸਾਡੀਆਂ ਆਉਣ ਵਾਲੀਆਂ ਨਸਲਾਂ ਆਪਣੇ ਵਡੇਰਿਆਂ ‘ਤੇ ਫਖਰ ਕਰਨਗੀਆਂ। ਆਮੀਨ।

ਲੇਖਕ : ਸੁਰਜੀਤ ਸੰਧੂ, ਆਸਟ੍ਰੇਲੀਆ

Share This :

Leave a Reply