ਬ੍ਰਿਸਬੇਨ (ਹਰਜੀਤ ਲਸਾਡ਼ਾ) ਸੂਰਜ ਗ੍ਰਹਿਣ (Solar_ eclipse) – ਅੱਜ ਸੂਰਜ ਗ੍ਰਹਿਣ ਲੱਗਣਾ ਹੈ। ਆਓ ਸੰਖੇਪ ‘ਚ ਜਾਣਦੇ ਹਾਂ ਕਿ ਸੂਰਜ ਗ੍ਰਹਿਣ ਕੀ ਹੁੰਦਾ ਹੈ ਤੇ ਇਸ ਖ਼ਗੋਲੀ ਵਰਤਾਰੇ ਪਿੱਛੇ ਕਿਹੜੇ ਕੁਦਰਤੀ ਤੱਥ ਹੁੰਦੇ ਹਨ?
ਕਿਉਂ ਵਾਪਰਦਾ ਹੈ ਸੂਰਜੀ ਗ੍ਰਹਿਣ?
ਸੂਰਜ ਨੂੰ ਲੱਗਣ ਵਾਲ਼ਾ ਗ੍ਰਹਿਣ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ। ਜਿਵੇਂ ਚੰਨ ਦਾ ਗ੍ਰਹਿਣ ਆਦਿ। ਇਹ ਵਰਤਾਰਾ ਉਦੋਂ ਹੁੰਦਾ ਹੈ ਜਦੋਂ ਧਰਤੀ 🌍 ਤੇ ਸੂਰਜ 🌞 ਵਿਚਾਲੇ ਚੰਦਰਮਾ 🌝 ਆ ਜਾਂਦਾ ਹੈ। ਇਸ ਲਈ ਧਰਤੀ ਤੋਂ ਸੂਰਜ ਨੂੰ ਦੇਖਣ ‘ਚ ਦਿੱਕਤ ਆਉਦੀ ਹੈ। ਕਿਉਂਕਿ ਚੰਨ ਵਿਚਾਲੇ ਆ ਜਾਂਦਾ ਹੈ। ਮਸਲਨ, ਧਰਤੀ ਤੋਂ ਵੇਖਣ ‘ਤੇ ਚੰਦ ਦੇ ਸੂਰਜ ਸਾਹਮਣੇ ਆਉਣ ‘ਤੇ ਸੂਰਜ ਅੱਧਾ ਜਾਂ ਸਾਰਾ ਢਕਿਆ ਜਾਪਦਾ ਹੈ ਜਿਸ ਕਾਰਨ ਸੂਰਜ ਦੀ ਰੌਸ਼ਨੀ ਕੁਝ ਸਮੇਂ ਲਈ ਧਰਤੀ ‘ਤੇ ਨਹੀਂ ਪਹੁੰਚਦੀ। ਸੂਰਜੀ ਰੌਸ਼ਨੀ ਦੇ ਇਸ ਅੜਿੱਕੇ ਨੂੰ ਹੀ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।
🌍 🌝 🌞
ਧਰਤੀ ਚੰਨ ਸੂਰਜ
‘ਸੂਰਜੀ ਗ੍ਰਹਿਣ’ ਤੇ ‘ਸਾਲ ਦਾ ਸਭ ਤੋਂ ਵੱਡਾ ਦਿਨ’ (summer solstice) ਇੱਕੋ ਦਿਨ ਕਦੇ-ਕਦੇ ਹੀ ਵਾਪਰਦੇ ਹਨ ਤੇ ਇਹ ਘਟਨਾ ਕਿਸੇ ਨਿਸ਼ਚਿਤ ਸਮੇਂ ਬਾਅਦ ਨਹੀਂ ਵਾਪਰਦੀ। ਆਖਰੀ ਵਾਰ ਇਹ 19 ਸਾਲ ਪਹਿਲਾਂ ਵਾਪਰੀ ਸੀ। ਅੱਜ ਚੰਦ ਧਰਤੀ ਤੋਂ ਆਪਣੀ ਪਰਿਕਰਮਾ ਵਿੱਚ ਸਭ ਤੋਂ ਵੱਧ ਦੂਰੀ ‘ਤੇ ਹੋਵੇਗਾ। ਉਹ ਹਰ ਗ੍ਰਹਿ ਜਿਸ ਦਾ ਕੋਈ ਉਪਗ੍ਰਹਿ (ਚੰਦ) ਹੈ, ਉਸ ਉੱਤੇ ਸੂਰਜ ਗ੍ਰਹਿਣ ਲੱਗ ਸਕਦਾ ਹੈ। ਸ਼ਰਤ ਹੈ ਕਿ ਇਹ ਚੰਦ ਇੰਨਾ ਵੱਡਾ ਹੋਵੇ ਕਿ ਸੂਰਜ ਦਾ ਕੁਝ ਹਿੱਸਾ ਜਾਂ ਪੂਰਾ ਹਿੱਸਾ ਢਕ ਸਕੇ। ਅੱਧੇ ਸੂਰਜ ਗ੍ਰਹਿਣ ਬੁੱਧ, ਸ਼ੁੱਕਰ ਤੇ ਮੰਗਲ ਗ੍ਰਹਿ ‘ਤੇ ਲੱਗਦੇ ਹਨ ਅਤੇ ਗੈਸੀ ਗ੍ਰਹਿਆਂ ਬ੍ਰਹਸਪਤੀ, ਸ਼ਨੀ, ਯੂਰੇਨਸ, ਨੈਪਚੂਨ ‘ਤੇ ਅੱਧੇ ਤੇ ਪੂਰੇ ਦੋਵੇਂ ਸੂਰਜੀ ਗ੍ਰਹਿਣ ਲੱਗਦੇ ਹਨ।
ਚੰਦ ਸੂਰਜ ਤੋਂ ਅਕਾਰ ‘ਚ ਬਹੁਤ ਛੋਟਾ ਹੈ ਪਰ ਫ਼ਿਰ ਇਹ ਸੂਰਜ ਨੂੰ ਕਿਵੇਂ ਢਕ ਲੈਂਦਾ ਹੈ? ਦਰਅਸਲ ਚੰਦ ਸੂਰਜ ਦੇ ਮੁਕਾਬਲੇ ਜਿੰਨੇ ਗੁਣਾ ਛੋਟਾ ਹੈ, ਸੂਰਜ ਚੰਦ ਦੇ ਮੁਕਾਬਲੇ ਧਰਤੀ ਤੋਂ ਓਨਾ ਹੀ ਦੂਰ ਹੈ ਜਿਸ ਕਰਕੇ ਇਹ ਦੋਵੇਂ ਧਰਤੀ ਤੋਂ ਵੇਖਣ ‘ਤੇ ਇੱਕੋ ਆਕਾਰ ਦੇ ਲੱਗਦੇ ਹਨ। ਇਸ ਕਰਕੇ ਚੰਦ ਸੂਰਜ ਨੂੰ ਢਕਣ ਵਿੱਚ ਕਾਮਯਾਬ ਹੁੰਦਾ ਹੈ।
ਸੂਰਜ ਗ੍ਰਹਿਣ ਆਮ ਤੌਰ ‘ਤੇ ਤਿੰਨ ਪ੍ਰਕਾਰ ਦਾ ਹੁੰਦਾ ਹੈ – ਅਰਧ ਸੂਰਜ ਗ੍ਰਹਿਣ, ਸੰਪੂਰਨ ਸੂਰਜ ਗ੍ਰਹਿਣ ਤੇ ਕੁੰਡਲ ਸੂਰਜ ਗ੍ਰਹਿਣ। ਅਰਧ ਸੂਰਜ ਗ੍ਰਹਿਣ ਵਿੱਚ ਚੰਨ ਸੂਰਜ ਦੇ ਅੱਧੇ ਜਾਂ ਕੁਝ ਕੁ ਭਾਗ ਨੂੰ ਹੀ ਢਕਦਾ ਹੈ, ਸੰਪੂਰਨ ਸੂਰਜ ਗ੍ਰਹਿਣ ਵਿੱਚ ਚੰਨ ਸੂਰਜ ਨੂੰ ਪੂਰੀ ਤਰ੍ਹਾਂ ਢਕ ਲੈਂਦਾ ਹੈ ਤੇ ਕੁੰਡਲ ਸੂਰਜ ਗ੍ਰਹਿਣ ਵਿੱਚ ਚੰਨ ਸੂਰਜ ਨੂੰ ਪੂਰੀ ਤਰ੍ਹਾਂ ਢਕ ਨਹੀਂ ਪਾਉਂਦਾ। ਇਸ ਵਿੱਚ ਉਹ ਉਸਨੂੰ ਵਿਚਾਲਿਓਂ ਤਾਂ ਢਕ ਲੈਂਦਾ ਹੈ ਪਰ ਉਸਨੂੰ ਬਾਹਰੀ ਹਿੱਸੇ ਤੋਂ ਨਹੀਂ ਢਕ ਪਾਉਂਦਾ, ਜਿਸ ਕਰਕੇ ਉਹ ਛੱਲੇ/ਕੁੰਡਲ ਵਰਗਾ ਨਜ਼ਰ ਆਉਣ ਲੱਗ ਪੈਂਦਾ ਹੈ।
ਅੱਜ ਕੁੰਡਲ ਸੂਰਜ ਗ੍ਰਹਿਣ ਲੱਗਣਾ ਹੈ। ਅੱਜ ਲੱਗਣ ਵਾਲਾ ਇਹ ਸੂਰਜੀ ਗ੍ਰਹਿਣ ਵੀ ਪੂਰਾ ਨਹੀਂ ਲੱਗੇਗਾ ਬਲਕਿ ਚੰਦ ਸੂਰਜ ਨੂੰ ਵਿਚਕਾਰ ਤੋਂ ਢਕ ਕੇ ਇੱਕ ਕੜੇ ਦਾ ਆਕਾਰ ਬਣਾਵੇਗਾ।
ਇਹ ਗ੍ਰਹਿਣ ਭਾਰਤੀ ਸਮੇਂ ਮੁਤਾਬਕ ਸਵੇਰੇ 9:15 ਤੋਂ ਦੁਪਹਿਰ ਦੇ 3:04 ਵਜੇ ਤੱਕ ਰਹੇਗਾ। ਸਿਖਰ ਦੁਪਹਿਰੇ 12:10 ‘ਤੇ ਇਹ ਆਪਣੇ ਪੂਰੇ ਜੋਬਨ ‘ਤੇ ਹੋਵੇਗਾ।
ਜੇਕਰ ਤੁਸੀਂ ਇਸ ਗ੍ਰਹਿਣ ਨੂੰ ਦੇਖਣਾ ਚਾਹੁੰਦੇ ਹੋ ਤਾਂ ਸੁਰੱਖਿਅਤ ਦੂਰਬੀਨ 🔭 ਦੀ ਮਦਦ ਨਾਲ਼ ਦੇਖ ਸਕਦੇ ਹੋ। ਇਸਨੂੰ ਨੰਗੀ ਅੱਖ ਨਾਲ਼ ਭੁੱਲ ਕੇ ਵੀ ਨਾ ਦੇਖਿਓ। ਇਹ ਤੁਹਾਡੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਕੈਮਰੇ 📷 ਨੂੰ ਵੀ ਸਿੱਧਾ ਸੂਰਜ ਵੱਲ ਜ਼ਿਆਦਾ ਸਮਾਂ ਰੱਖਣ ਕਾਰਨ ਉਸਦੇ ਲੈਂਜ਼ ਖ਼ਰਾਬ ਹੋ ਸਕਦੇ ਹਨ। ਸੋ ਇਹਨਾਂ ਗੱਲਾਂ ਦਾ ਉਚੇਚਾ ਧਿਆਨ ਰੱਖਿਓ।
ਅਕਸਰ ਹੀ ਜਦੋਂ ਕੋਈ ਖਗੋਲ਼ੀ ਘਟਨਾ ਵਾਪਰਦੀ ਹੈ ਤਾਂ ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਹੋ ਜਾਂਦਾ ਹੈ। ਕਹਿ ਰਹੇ ਹਨ ਕਿ ਅੱਜ ਦਾ ਸੂਰਜ ਗ੍ਰਹਿਣ ਚੰਗੇ/ਬੁਰੇ ਪ੍ਰਭਾਵ ਪਾ ਸਕਦਾ ਹੈ। ਨਹੀਂ… ਇਹ ਤੱਥ ਸਹੀ ਨਹੀਂ ਹਨ। ਗ੍ਰਹਿਣ ਦਾ ਕਿਸੇ ‘ਤੇ ਕੋਈ ਮਾੜਾ ਅਸਰ ਨਹੀਂ ਹੁੰਦਾ ਤੇ ਨਾ ਹੀ ਇਹ ਮਜ਼ੂਦਾ ਕੋਰੋਨਾ ਮਹਾਂਮਾਰੀ ਨੂੰ ਕਿਸੇ ਤਰ੍ਹਾਂ ਵੀ ਠੀਕ ਕਰ ਸਕਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੂਰਜ ਨੂੰ ਗ੍ਰਹਿਣ ਤਾਂ ਹਮੇਸ਼ਾ ਹੀ ਲੱਗਿਆ ਰਹਿੰਦਾ ਹੈ ਪਰ ਅਸੀਂ ਉਸਨੂੰ ਵੇਖਣ ਦੀ ਸਹੀ ਸਥਿਤੀ ਵਿੱਚ ਨਹੀਂ ਹੁੰਦੇ। ਇਹ ਗੱਲ ਜ਼ਰੂਰ ਹੈ ਕਿ ਚੰਦ ਦੇ ਕਾਰਨ ਲੱਗਣ ਵਾਲਾ ਪੂਰਾ ਸੂਰਜ ਗ੍ਰਹਿਣ ਧਰਤੀ ‘ਤੋਂ ਵੇਖਣ ‘ਤੇ ਹੀ ਪੂਰਾ ਲੱਗਦਾ ਹੈ। ਲਗਪਗ 4 ਬਿਲੀਅਨ ਸਾਲ ਪਹਿਲਾਂ ਧਰਤੀ ਦੁਆਲੇ ਚੰਦ ਹੋਂਦ ਵਿੱਚ ਆਇਆ ਸੀ, ਉਦੋਂ ਤੋਂ ਲੈ ਕੇ ਸੂਰਜੀ ਗ੍ਰਹਿਣ ਲੱਗਦੇ ਆ ਰਹੇ ਹਨ। ਜੇਕਰ ਇਸ ਨਾਲ਼ ਧਰਤੀ ‘ਤੇ ਕੋਈ ਬੁਰਾ ਪ੍ਰਭਾਵ ਪਿਆ ਹੁੰਦਾ ਤਾਂ ਸਾਡੀ ਹੋਂਦ ਹੀ ਨਹੀਂ ਹੋਣੀ ਚਾਹੀਦੀ ਸੀ।