ਪਟਿਆਲਾ (ਅਰਵਿੰਦਰ ਜੋਸ਼ਨ) ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ, ਪਿਛਲੇ ਪੰਜ ਸਾਲਾਂ ਵਿੱਚ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ, ਮੈਡੀਕਲ ਅਤੇ ਸਿੱਖਿਆ ਖੇਤਰਾਂ ਵਿੱਚ ਕੀਤੇ ਵਿਸ਼ੇਸ਼ ਕੰਮ, ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਬਤੌਰ ਵਿਰੋਧੀ ਧਿਰ ਅਪਣਾਈ ਗਈ ਪਹੁੰਚ ਸਦਕਾ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।
ਇਹ ਜਾਣਕਾਰੀ ਪ੍ਰਿੰਸੀਪਲ ਜੇ ਪੀ ਸਿੰਘ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਨੇ ਪ੍ਰੈਸ ਨੂੰ ਆਪਣੇ ਗ੍ਰਹਿ ਵਿਖੇ 50 ਦੇ ਕਰੀਬ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸਮੇਂ ਦਿੱਤੀ। ਇਹ ਪਰਿਵਾਰ ਵਿੱਕੀ ਸਿੰਘ, ਪਿਊਸ਼ ਕੁਮਾਰ, ਮੂਸਾ ਅਲੀ ਦੀ ਅਗਵਾਈ ਵਿੱਚ ਸ਼ਾਮਲ ਹੋਏ । ਇਸ ਸਮੇਂ ਆਮ ਲੋਕਾਂ ਪ੍ਰਤੀ ਆਮ ਆਦਮੀ ਪਾਰਟੀ ਦੀ ਪਹੁੰਚ ਅਤੇ ਸਿਧਾਂਤਾਂ ਦਾ ਜ਼ਿਕਰ ਕਰਦੇ ਪ੍ਰਿੰਸੀਪਲ ਜੇ ਪੀ ਸਿੰਘ ਨੇ ਦੱਸਿਆ ਕਿ ਆਮ ਜਨਤਾ ਸਿਆਸੀ ਪਾਰਟੀਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਲੁੱਟ ਤੋਂ ਦੁਖੀ ਹੈ। ਲੋਕ ਇਸ ਵੇਲੇ ਮਹਿਸੂਸ ਕਰ ਰਹੇ ਹਨ ਕਿ ਜੋ ਲਾਭ ਦੇਸ਼ ਦੀ ਰਾਜਧਾਨੀ ਵਿੱਚ ਮਿਲ ਰਹੇ ਹਨ ਉਹ ਪੰਜਾਬ ਵਿੱਚ ਕਿਉਂ ਨਹੀਂ , ਭਾਵੇ ਇਹ ਬੁਢਾਪਾ ਪੈਨਸ਼ਨ ਹੈ ਜਾਂ ਘਟੋ ਘਟ ਉਜਰਤ। ਲੋਕ ਚਾਹੁੰਦੇ ਹਨ ਕਿ ਦਿੱਲੀ ਵਾਂਗ ਉਨ੍ਹਾਂ ਦਾ ਬਿਜਲੀ ਪਾਣੀ ਸਸਤਾ ਹੋਵੇ ਅਤੇ ਇਸੇ ਤਰਾਂ ਮੈਡੀਕਲ ਸਹੂਲਤਾਂ ਅਤੇ ਸਿੱਖਿਆ ਵੀ ਮੁਫ਼ਤ ਅਤੇ ਚੰਗੇ ਮਿਆਰ ਦੀ ਹੋਵੇ। ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸਮੇਂ ਪਾਰਟੀ ਦੇ ਸੀਨੀਅਰ ਆਗੂ ਜਸਬੀਰ ਗਾਂਧੀ, ਸ਼ੰਕਰ ਖੁਰਾਣਾ ਸਾਬਕਾ ਕੌਂਸਲਰ, ਵਰਿੰਦਰ ਗੌਤਮ ਕਮਾਂਡਰ, ਹਰੀ ਚੰਦ ਬਾਂਸਲ ਵਿੱਤ ਸਕੱਤਰ ਅਤੇ ਬਿੱਟੂ ਸਿੰਘ ਕਮਾਂਡਰ ਵੀ ਹਾਜਰ ਸਨ।






















