ਪਟਿਆਲਾ (ਅਰਵਿੰਦਰ ਜੋਸ਼ਨ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਅੱਜ ਪਟਿਆਲਾ ਵਿਖੇ ਡੀ.ਸੀ ਦਫ਼ਤਰ ਦੇ ਬਾਹਰ ਮੱਧ ਪ੍ਰਦੇਸ਼ ਦੇ ਮੰਡਸੌਰ ਜ਼ਿਲ੍ਹੇ ਦੀ ਪਿਪਲੀਆ ਮੰਡੀ ਵਿੱਚ 6ਕਿਸਾਨ ਜੋ 2017 ‘ਚ ਦੋ ਸਾਲ ਪਹਿਲਾਂ, ਸ਼ਹੀਦ ਹੋਏ ਸਨ ਨੂੰ, ਸ਼ਰਧਾਂਜਲੀ ਭੇਂਟ ਕਰਨ ਲਈ 10 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਵੱਖ ਵੱਖ ਜਥੇਬੰਦੀਆਂ ਦੇ ਕਿਸਾਨ ਇਕੱਠੇ ਹੋਏ, ਵੱਲੋਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸਮਾਗਮ ਚ ਸ਼ਾਮਿਲ ਕਿਸਾਨਾਂ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ: ਦਰਸ਼ਨ ਪਾਲ, ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਜੰਗ ਸਿੰਘ ਭਟੇੜੀ, ਜਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ, ਪ੍ਰੈੱਸ ਸਕੱਤਰ ਨਿਰਮਲ ਸਿੰਘ ਲਚਕਾਣੀ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਰਮੇਸ਼ ਆਜ਼ਾਦ ਅਤੇ ਭਰਾਤਰੀ ਜਥੇਬੰਦੀ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਕਿਸਾਨਾਂ ਦੇ ਉੱਤੇ ਤਿੰਨ ਵੱਡੇ ਹਮਲੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਹਨ। ਪਹਿਲਾਂ ਹਮਲਾ ਇਹ ਕਿ ਦੇਸ਼ ਦੇ ਖੇਤੀ ਅਰਥਚਾਰੇ ਦੀਆਂ ਮੰਡੀਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਆਰਡੀਨੈਂਸ ਮੁਤਾਬਿਕ, ਨਿੱਜੀ ਤੇ ਕਾਰਪੋਰੇਟ ਘਰਾਣਿਆਂ ਨੂੰ ਮੰਡੀਕਰਨ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਹਨ, ਜ਼ਖ਼ੀਰੇਬਾਜ਼ੀ ਵਿਰੋਧੀ ਕਾਨੂੰਨ ਵਿੱਚ ਸੋਧਾਂ ਕਰਕੇ ਵੱਡੇ ਵਪਾਰੀਆਂ ਅਤੇ ਪੂੰਜੀਪਤੀਆਂ ਨੂੰ ਜ਼ਖ਼ੀਰੇਬਾਜ਼ੀ ਕਰਨ ਦੀਆਂ ਛੋਟਾਂ ਦੇ ਦਿੱਤੀਆਂ ਗਈਆਂ ਹਨ, ਖੇਤੀ ਵਿੱਚ ਵੱਡੇ ਵਪਾਰੀਆਂ, ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਨਾਲ ਸਹਿਯੋਗ ਦੇਣ ਦੇ ਬਹਾਨੇ ਉਨ੍ਹਾਂ ਦੀ ਦਖਲ ਅੰਦਾਜ਼ੀ ਵਧਾਉਣ ਦਾ ਰਾਹ ਪੱਧਰਾ ਕਰ ਲਿਆ ਹੈ।
ਇਸੇ ਤਰ੍ਹਾਂ ਦੂਸਰੇ ਹਮਲੇ ‘ਚ ਪਿਛਲੇ ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਐਲਾਨੇ ਸਾਉਣੀ ਦੀਆਂ ਫਸਲਾਂ ਦੇ ਭਾਵਾਂ ਉੱਤੇ ਵੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਭਾਅ ਕਿਸਾਨਾਂ ਦੀਆਂ ਲਾਗਤਾਂ ਤੋਂ ਵੀ ਘੱਟ ਦਿੱਤੇ ਗਏ ਹਨ ਜਿਸ ਕਰਕੇ ਖੇਤੀ ਧੰਦਾ ਲਗਾਤਾਰ ਘਾਟੇ ਵੰਦਾ ਸੌਦਾ ਬਣਦਾ ਜਾ ਰਿਹਾ ਹੈ, ਅਸੀਂ ਇਨ੍ਹਾਂ ਭਾਵਾਂ ਨੂੰ ਰੱਦ ਕਰਦੇ ਹਾਂ।
ਤੀਸਰਾ ਵੱਡੇ ਹਮਲੇ .ਚ ਜੋ ਬਿਜਲੀ ਬਿੱਲ-2020 ਲਿਆਂਦਾ ਜਾ ਰਿਹਾ ਹੈ ਉਹ ਕਿਸਾਨ ਵਿਰੋਧੀ ਹੀ ਨਹੀਂ ਸਗੋਂਲੋਕ ਅਤੇ ਦੇਸ਼ ਵਿਰੋਧੀ ਵੀ ਹੈ। ਉਸ ਦੀ ਨਿਖੇਧੀ ਕਰਦਿਆਂ ਵੀ ਸਾਰੇ ਬੁਲਾਰਿਆਂ ਨੇ ਕਿਹਾ ਕਿ ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਬਿਜਲੀ ਦੀਆਂ ਸਬਸਿਡੀਆਂ ਤਾਂ ਖਤਮ ਹੋਣਗੀਆਂ ਹੀ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ ਜੋ ਆਮ ਮਿਹਨਤਕਸ਼ ਲੋਕਾਂ ਦੇ ਉੱਤੇ ਬੋਝ ਬਣ ਜਾਵੇਗਾ।
ਅੱਜ ਦੇ ਇਸ ਸ਼ਰਧਾਂਜਲੀ ਸਮਾਗਮ ਵਿਚ ਹਰਭਜਨ ਸਿੰਘ ਚੱਠਾ, ਨਿਸ਼ਾਨ ਸਿੰਘ ਧਰਮੇੜੀ ਤੋਂ ਇਲਾਵਾ ਦਵਿੰਦਰ ਸਿੰਘ ਮੰਜਾਲ ਕਲਾਂ, ਬਲਬੀਰ ਸਿੰਘ ਮਵੀ ਸੱਪਾਂ, ਰਘਬੀਰ ਸਿੰਘ ਡਕਾਲਾ ਅਤੇ ਹੋਰ ਕਈ ਆਗੂ ਸ਼ਾਮਲ ਹੋਏ।