ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਾਪਤ ਕਰਨ ਲਈ ਜਿੱਥੇ ਕਈ ਲੋਕ ਬਿਨਾਂ ਕਿਸੇ ਡਰ ਤੋਂ ਟੀਕਾ ਲਗਵਾ ਰਹੇ ਹਨ , ਉੱਥੇ ਹੀ ਜ਼ਿਆਦਾਤਰ ਲੋਕਾਂ ਵਿੱਚ ਟੀਕੇ ਪ੍ਰਤੀ ਸ਼ੰਕਾ ਅਤੇ ਝਿਜਕ ਵੀ ਹੈ। ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਸਰਕਾਰ ਵੱਲੋਂ ਯਤਨਾਂ ਦੇ ਨਾਲ ਨਾਲ ਕਈ ਵੱਡੀਆਂ ਕੰਪਨੀਆਂ ਵੱਲੋਂ ਵੀ ਆਪਣੇ ਕਰਮਚਾਰੀਆਂ ਨੂੰ ਆਫਰ ਦਿੱਤੇ ਜਾ ਰਹੇ ਹਨ। ਹਾਲ ਹੀ ਵਿੱਚ ਕ੍ਰੋਗਰ ਸੁਪਰ ਮਾਰਕੀਟ ਦੇ ਐਗਜ਼ੀਕਿਊਟਿਵ ਨੇ ਇਸਦੇ ਕਰਮਚਾਰੀਆਂ ਨੂੰ ਕੋਵਿਡ -19 ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ ਲਈ 100 ਡਾਲਰ ਦੇ ਬੋਨਸ ਦੇਣ ਦੀ ਘੋਸ਼ਣਾ ਕੀਤੀ ਹੈ।
ਇਸ ਸੰਬੰਧੀ ਕੰਪਨੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਕਰੀਬਨ 35 ਰਾਜਾਂ ਵਿੱਚ ਕੰਪਨੀ ਦੇ ਲੱਗਭਗ 500,000 ਕਰਮਚਾਰੀ ਇਸ ਸਕੀਮ ਵਿੱਚ ਸ਼ਾਮਿਲ ਹਨ, ਜੋ ਕਿ ਕੋਰੋਨਾ ਟੀਕਾ ਲਗਵਾ ਕੇ ਬੋਨਸ ਪ੍ਰਾਪਤ ਕਰ ਸਕਦੇ ਹਨ। ਇਸ ਯੋਜਨਾ ਤਹਿਤ ਕਾਮਿਆਂ ਨੂੰ ਟੀਕਾ ਨਿਰਮਾਤਾ ਦੁਆਰਾ ਸਿਫਾਰਸ਼ ਕੀਤੀ ਪੂਰੀ ਖੁਰਾਕ ਲੈਣੀ ਜਰੂਰੀ ਹੈ ਜਦਕਿ ਜਿਹੜੇ ਲੋਕ ਡਾਕਟਰੀ ਜਾਂ ਧਾਰਮਿਕ ਕਾਰਨਾਂ ਕਰਕੇ ਟੀਕਾ ਨਹੀਂ ਲੈ ਸਕਦੇ ਉਨ੍ਹਾਂ ਨੂੰ ਆਪਣੀ ਰਾਸ਼ੀ ਪ੍ਰਾਪਤ ਕਰਨ ਲਈ ਸਿੱਖਿਆ ਅਤੇ ਸੁਰੱਖਿਆ ਕੋਰਸ ਪੂਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ।ਇਸ ਮਾਮਲੇ ਵਿੱਚ ਕ੍ਰੋਗਰ ਕਰਿਆਨਾ ਚੇਨ ਆਲਦੀ ਸਟੋਰ ਦੇ ਨਕਸ਼ੇ ਕਦਮਾਂ ‘ਤੇ ਚੱਲ ਰਿਹਾ ਹੈ, ਜੋ ਕਿ ਕਰਮਚਾਰੀਆਂ ਨੂੰ ਪ੍ਰਤੀ ਖੁਰਾਕ ਪ੍ਰਾਪਤ ਕਰਨ ਲਈ ਦੋ ਘੰਟੇ ਦੀ ਤਨਖਾਹ ਦੇ ਰਿਹਾ ਹੈ। ਇਹਨਾਂ ਕੰਪਨੀਆਂ ਦੇ ਇਲਾਵਾ ਕਈ ਹੋਰ ਕਾਰੋਬਾਰੀਆਂ ਵੱਲੋਂ ਵੀ ਆਪਣੇ ਕਰਮਚਾਰੀਆਂ ਦਾ ਟੀਕਾਕਰਨ ਕਰਵਾਉਣ ਲਈ ਆਕਰਸ਼ਿਤ ਆਫਰ ਦਿੱਤੇ ਜਾ ਰਹੇ ਹਨ। ਕੋਰੋਨਾ ਟੀਕਾਕਰਨ ਪ੍ਰਕਿਰਿਆ ਵਿੱਚ ਸੀ.ਡੀ.ਸੀ ਕਰਿਆਨਾ ਸਟੋਰਾਂ ਦੇ ਕਰਮਚਾਰੀਆਂ ਨੂੰ ਹੋਰ ਫਰੰਟਲਾਈਨ ਵਰਕਰਾਂ ਜਿਵੇਂ ਕਿ ਫਾਇਰਮੈਨ, ਪੁਲਿਸ, ਜਨਤਕ ਆਵਾਜਾਈ ਕਰਮਚਾਰੀਆਂ ਆਦਿ ਦੇ ਰੂਪ ਵਿੱਚ ਹੀ ਸ਼੍ਰੇਣੀਬੱਧ ਕਰਦੀ ਹੈ।