ਖੰਨਾ (ਪਰਮਜੀਤ ਸਿੰਘ ਧੀਮਾਨ) : ਬਲਾਕ ਖੰਨਾ ਦੇ ਪਿੰਡ ਜਟਾਣਾ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਬਲਾਕ ਖੇਤੀਬਾੜੀ ਅਫ਼ਸਰ ਖੰਨਾ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠਾਂ ਵਿਸ਼ੇਸ਼ ਕਿਸਾਨ ਜਾਗਰੂਕਤਾ ਕੈਂਪ ਆਯੋਜਤ ਕੀਤਾ ਗਿਆ । ਇਸ ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਸਨਦੀਪ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਸਾਉਣੀ ਦੀ ਮੱਕੀ ਦੀ ਕਾਸ਼ਤ ਕੀਤੀ ਹੈ, ਉਹ ਮੱਕੀ ਦੇ ਬੀਜ ‘ਤੇ ਸਬਸਿਡੀ ਲੈਣ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ।
ਉਨ੍ਹਾਂ ਕਿਸਾਨਾਂ ਨੂੰ ਮੱਕੀ ਵਿਚ ਫ਼ਾਲ ਆਰਮੀ ਵਾਰਮ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਈ ਮੱਕੀ ਦੀ ਕਾਸ਼ਤ ਕਰਨ ਦੀ ਅਪੀਲ ਵੀ ਕੀਤੀ । ਉਨ੍ਹਾਂ ਬਾਸਮਤੀ ਵਿਚ ਝੰਡਾ ਰੋਗ ਤੋਂ ਫ਼ਸਲ ਨੂੰ ਬਚਾਉਣ ਲਈ ਜੜ੍ਹਾਂ ਨੂੰ ਸੋਧਣ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਬਾਅਦ ਵਿਚ ਝੰਡਾ ਰੋਗ ਦਾ ਕੋਈ ਹੱਲ ਨਹੀਂ ਹੈ । ਉਨ੍ਹਾਂ ਝੋਨੇ ਦੀ ਕਾਸ਼ਤ ਦੌਰਾਨ ਖੇਤੀ ਖਰਚੇ ਘਟਾਉਣ ਲਈ ਜ਼ਰੂਰੀ ਨੁਕਤੇ ਵੀ ਕਿਸਾਨਾਂ ਨਾਲ ਸਾਂਝੇ ਕੀਤੇ। ਸਨਦੀਪ ਸਿੰਘ ਨੇ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਬਚਣ ਲਈ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਟਿੱਡੀ ਦਲ ਦੀ ਰੋਕਥਾਮ ਲਈ ਪਾਣੀ ਅਤੇ ਟਰੈਕਟਰ ਨਾਲ ਚੱਲਣ ਵਾਲੇ ਪੰਪ ਹਮੇਸ਼ਾਂ ਤਿਆਰ ਰੱਖੇ ਜਾਣ । ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨਾਲ ਜੁੜਨ ਦੀ ਅਪੀਲ ਵੀ ਕੀਤੀ ।
ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਉਪ-ਖੇਤੀਬਾੜੀ ਨਿਰੀਖਕ ਗੁਰਵਿੰਦਰ ਸਿੰਘ, ਗੁਰਇਕਬਾਲ ਸਿੰਘ ਮੈਨੇਜਰ ਸਹਿਕਾਰੀ ਬੈਂਕ, ਸੁਖਵਿੰਦਰ ਸਿੰਘ ਸਕੱਤਰ ਸਹਿਕਾਰੀ ਸਭਾ, ਹਰਬੰਸ ਸਿੰਘ, ਗੁਰਬੀਰ ਸਿੰਘ, ਜਸਕਰਨ ਸਿੰਘ, ਅਮਨਪ੍ਰੀਤ ਸਿੰਘ, ਨਾਜਰ ਸਿੰਘ, ਗੁਰਦੀਪ ਸਿੰਘ, ਰਮਨਦੀਪ ਸਿੰਘ, ਹਰਵਿੰਦਰ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ, ਜਸਵੀਰ ਖਾਨ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ ।