
ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਬੀਡੀਪੀਓ ਦਫ਼ਤਰ ਅੱਗੇ ਕੀਤਾ ਰੋਸ ਮੁਜ਼ਾਹਰਾ ਤੇ ਦਿੱਤਾ ਮੰਗ-ਪੱਤਰ
ਖੰਨਾ (ਪਰਮਜੀਤ ਸਿੰਘ ਧੀਮਾਨ) : ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਫਤਰ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਤਹਿਸੀਲ ਕਮੇਟੀ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਮੋਹਨਪੁਰ ਦੀ ਅਗਵਾਈ ਹੇਠਾਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਦੇ ਨਾਂਅ ਮੰਗ-ਪੱਤਰ ਸੀ. ਪੀ. ਐਮ. ਦੇ ਤਹਿਸੀਲ ਖੰਨਾ/ਪਾਇਲ ਦੇ ਸਕੱਤਰ ਕਾ. ਭਗਵੰਤ ਸਿੰਘ ਇਕੋਲਾਹਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਕਾ. ਬਲਬੀਰ ਸਿੰਘ ਸੁਹਾਵੀ, ਹਰਬੰਸ ਸਿੰਘ ਮੋਹਨਪੁਰ ਅਤੇ ਹੋਰਾਂ ਵੱਲੋਂ ਬੀ. ਡੀ. ਪੀ. ਓ. ਦਫ਼ਤਰ ਦੇ ਪੰਚਾਇਤ ਅਫਸਰ ਗੁਰਵਿੰਦਰ ਸਿੰਘ ਭੰਗੂ ਤੇ ਸੁਪਰਡੰਟ ਅਨੁਰਾਧਾ ਸਚਦੇਵਾ ਨੂੰ ਦਿੱਤਾ ਗਿਆ।

ਜਿਸ ਵਿਚ ਮੰਗ ਕੀਤੀ ਗਈ ਕਿ ਕੋਰੋਨਾ ਕਾਰਨ ਹੋਈ ਤਾਲਾਬੰਦੀ ਨੇ ਮਜ਼ਦੂਰ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਿਨ੍ਹਾਂ ਨੂੰ ਬਿਨ੍ਹਾ ਸਰਕਾਰੀ ਮਦਦ ਦੇ ਬਚਾਇਆ ਨਹੀਂ ਜਾ ਸਕਦਾ, ਇਸ ਲਈ ਕੇਂਦਰ ਸਰਕਾਰ ਵੱਲੋਂ ਤੁਰੰਤ ਹਰ ਮਜ਼ਦੂਰ ਦੇ ਖਾਤੇ ਵਿਚ 7500 ਰੁਪਏ ਤਿੰਨ ਮਹੀਨੇ ਲਈ ਪਾਏ ਜਾਣ। ਇਸੇ ਤਰ੍ਹਾਂ ਇਹ ਰਕਮ ਹਰ ਉਸ ਪਰਿਵਾਰ ਲਈ ਜੋ ਆਮਦਨ ਕਰ ਨਹੀਂ ਭਰਦਾ ਨੂੰ ਵੀ ਦਿੱਤੀ ਜਾਵੇ, ਪ੍ਰਵਾਸੀ ਮਜ਼ਦੂਰਾਂ ਦੀ ਘਰ ਪਹੁੰਚਣ ਲਈ ਹਰ ਤਰ੍ਹਾਂ ਮਦਦ ਕੀਤੀ ਜਾਵੇ, ਭੁੱਖ ਨਾਲ ਅਤੇ ਹਾਦਸਿਆਂ ਵਿਚ ਮਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਅਤੇ ਜ਼ਖਮੀਆਂ ਦੀ ਪੂਰੀ ਮਦਦ ਕੀਤੀ ਜਾਵੇ, ਮਨਰੇਗਾ ਕਾਮਿਆਂ ਲਈ 200 ਦਿਨ ਦਾ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ, ਮਨਰੇਗਾ ਲਈ ਹੋਰ ਇਕ ਲੱਖ ਕਰੋੜ ਰੁਪਏ ਦੀ ਬਜਟ ਸਹਾਇਤਾ ਤੁਰੰਤ ਜਾਰੀ ਕੀਤੀ ਜਾਵੇ, ਇਸੇ ਤਰ੍ਹਾਂ ਖੇਤ ਮਜ਼ਦੂਰ ਪਰਿਵਾਰ ਦੇ ਹਰ ਮੈਂਬਰ ਲਈ 10 ਕਿਲੋ ਕਣਕ/ਚਾਵਲ ਹਰ ਮਹੀਨੇ ਦਿੱਤੇ ਜਾਣ ਅਤੇ ਨਾਲ ਹੀ 16 ਹੋਰ ਰਸੋਈ ਦੀਆਂ ਜ਼ਰੂਰ ਵਸਤਾਂ 6 ਮਹੀਨੇ ਲਗਾਤਾਰ ਹਰ ਮਹੀਨੇ ਦਿੱਤੀਆਂ ਜਾਣ, ਪੇਂਡੂ ਖੇਤਰਾਂ ਵਿਚ ਗਰੀਬਾਂ ਦੀ ਪੂਰੀ ਤਰ੍ਹਾਂ ਨਾਲ ਸਿਹਤ ਸੰਭਾਲ ਕੀਤੀ ਜਾਵੇ, ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਐਫ. ਡੀ. ਆਈ. ‘ਤੇ ਰੋਕ ਲਾਈ ਜਾਵੇ, ਖੇਤੀ ਦਾ ਮਾਡਲ ਫਾਰਮਿੰਗ ਐਕਟ 2018 ਬੰਦ ਕਰਕੇ ਸਾਰੀ ਵਾਧੂ ਪਈ ਸਰਕਾਰੀ ਜ਼ਮੀਨ ਪੇਂਡੂ ਗਰੀਬ ਅਤੇ ਖੇਤ ਮਜ਼ਦੂਰਾਂ ਵਿਚ ਵੰਡੀ ਜਾਵੇ, ਬਿਜਲੀ ਸੋਧ ਬਿੱਲ-2020 ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਸ ਨਾਲ ਕਿਸਾਨ ਅਤੇ ਮਜ਼ਦੂਰ ਬਿਲਕੁਲ ਮਾਰਿਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਮੰਨਾ ਇਕੋਲਾਹੀ, ਮੋਹਨ ਘਈ, ਇਕਬਾਲ ਸਿੰਘ, ਮੰਗਾ ਸਿੰਘ, ਕ੍ਰਿਸ਼ਨਾ ਦੇਵੀ, ਕੇਸਰ ਸਿੰਘ ਫੌਜੀ ਗੰਢੂਆਂ, ਪਾਲ ਸਿੰਘ, ਚਰਨਜੀਤ ਸਿੰਘ ਰੂਸਲੜਾ, ਰਹਿਮਦੀਨ, ਸੁਖਦੇਵ ਸਿੰਘ, ਕਰਨਪ੍ਰੀਤ ਸਿੰਘ, ਸ਼ਿੰਦਰਪਾਲ ਸਿੰਘ ਆਦਿ ਆਦਿ ਹਾਜ਼ਰ ਸਨ।




















