ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਆਪਣੇ ਕੰਮਾਂ ਅਤੇ ਨੀਤੀਆਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਬਾਈਡੇਨ ਨੇ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ਦੀ ਵਰਤੋਂ ਕਰਦਿਆਂ ਉਸਦੇ ਰਾਸ਼ਟਰਪਤੀ ਪਦ ਨਾਲ ਸੰਬੰਧਿਤ ਖਾਤੇ ਦੀ ਵਰਤੋਂ ਕਰਦਿਆਂ ਆਪਣਾ ਪਹਿਲਾ ਟਵੀਟ ਜਨਤਕ ਕੀਤਾ। ਬਾਈਡੇਨ ਨੇ ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਆਪਣੇ ਅਹੁਦੇ ਨਾਲ ਸੰਬੰਧਿਤ ਖਾਤੇ @POTUS ਉੱਤੇ ਰਾਤ ਦੇ 12: 36 ਵਜੇ ਪਹਿਲੇ ਟਵੀਟ ਨੂੰ ਪੋਸਟ ਕਰਦਿਆਂ ਕਿਹਾ ਕਿ ਉਹ ਸੰਕਟ ਦਾ ਸਾਹਮਣਾ ਕਰ ਰਹੇ ਅਮਰੀਕੀਆਂ ਦੀ ਮਦਦ ਲਈ ਕੰਮ ਕਰਨਗੇ।ਬਾਈਡੇਨ ਦੇ ਅਧਿਕਾਰਤ ਤੌਰ ‘ਤੇ ਦੇਸ਼ ਦੇ 46 ਵੇਂ ਰਾਸ਼ਟਰਪਤੀ ਬਣ ਜਾਣ ਦੇ ਬਾਅਦ ਟਵਿੱਟਰ ਦੁਆਰਾ ਰਾਤ 12: 01 ਵਜੇ ਇਸ ਖਾਤੇ ਦੇ ਨਾਲ ਵ੍ਹਾਈਟ ਹਾਊਸ ਨਾਲ ਜੁੜੇ ਕਈ ਹੋਰ ਸਰਕਾਰੀ ਖਾਤਿਆਂ ਨੂੰ ਨਵੀ ਸਰਕਾਰ ਲਈ ਤਬਦੀਲ ਕੀਤਾ ਗਿਆ।
ਸੋਸ਼ਲ ਮੀਡੀਆ ਕੰਪਨੀ ਨੇ ਪਿਛਲੇ ਦਿਨੀ ਇੱਕ ਬਲਾੱਗ ਪੋਸਟ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੇ ਦਿਨ ਇਹਨਾਂ ਖਾਤਿਆਂ ਨੂੰ ਤਬਦੀਲ ਕੀਤਾ ਜਾਵੇਗਾ ਜਿਹਨਾਂ ਵਿੱਚ @ ਵ੍ਹਾਈਟ ਹਾਊਸ, @ ਪੋਟਸ, @ ਵੀਪੀ, @ ਫਲੋਟਸ, ਅਤੇ @ ਪ੍ਰੈੱਸ ਸੇਕ ਆਦਿ ਖਾਤੇ ਸ਼ਾਮਿਲ ਹਨ। ਟਵਿੱਟਰ ਨੇ ਕਿਹਾ ਕਿ ਉਪਭੋਗਤਾ ਜੋ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਵ੍ਹਾਈਟ ਹਾਊਸ ਦੇ ਖਾਤਿਆਂ ਨੂੰ ਫਾਲੋਅ ਕਰਦੇ ਸਨ ਉਨ੍ਹਾਂ ਨੂੰ ਨਵੇਂ ਟਵਿੱਟਰ ਖਾਤਿਆਂ ਨੂੰ ਫਾਲੋਅ ਕਰਨ ਲਈ ਨੋਟੀਫਿਕੇਸ਼ਨ ਮਿਲੇਗੀ। ਜਿਕਰਯੋਗ ਹੈ ਕਿ ਟਵਿੱਟਰ ਨੇ 6 ਜਨਵਰੀ ਨੂੰ ਕੈਪੀਟਲ ਵਿੱਚ ਹੋਏ ਦੰਗਿਆਂ ਤੋਂ ਬਾਅਦ ਟਰੰਪ ਦੇ ਟਵਿੱਟਰ ਖਾਤੇ ਤੇ ਪੱਕੇ ਤੌਰ ਤੇ ਪਾਬੰਦੀ ਲਗਾ ਦਿੱਤੀ ਸੀ।