ਬਲਾਚੌਰ ’ਚ ਐਸ ਡੀ ਐਮ ਜਸਬੀਰ ਸਿੰਘ ਨੇ ਸਵੈ-ਇੱਛਾ ਨਾਲ ਕਰਵਾਇਆ ਕੋਰੋਨਾ ਟੈਸਟ, ਤਹਿਸੀਲ ਕੰਪਲੈਕਸ ’ਚ 59 ਸੈਂਪਲ ਲਏ ਗਏ

ਐਸ ਡੀ ਐਮ ਜਸਬੀਰ ਸਿੰਘ ਬਲਾਚੌਰ ਵਿਖੇ ਕੋਵਿਡ-19 ਟੈਸਟ ਲਈ ਆਪਣਾ ਸੈਂਪਲ ਦਿੰਦੇ ਹੋਏ।

ਨਵਾਂਸ਼ਹਿਰ/ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਤਹਿਸੀਲਦਾਰ ਚੇਤਨ ਬੰਗੜ ਦੀ ਕਲ੍ਹ ਕੋਵਿਡ-19 ਰਿਪੋਰਟ ਪਾਜ਼ਿਟਿਵ ਆਉਣ ਬਾਅਦ, ਅੱਜ ਪਹਿਲ ਕਰਦਿਆਂ ਐਸ ਡੀ ਐਮ ਜਸਬੀਰ ਸਿੰਘ ਨੇ ਸਿਹਤ ਵਿਭਾਗ ਦੀ ਸੈਂਪਲਿੰਗ ਟੀਮ ਪਾਸੋਂ ਆਪਣਾ ਟੈਸਟ ਖੁਦ ਕਰਵਾਇਆ। ਉਨ੍ਹਾਂ ਇਸ ਮੌਕੇ ਕਿਹਾ ਕਿ ਆਪਣੇ ਇੱਕ ਅਧਿਕਾਰੀ ਦੇ ਪਾਜ਼ਿਟਿਵ ਆਉਣ ਬਾਅਦ, ਉਹ ਜਿੱਥੇ ਖੁਦ ਸਵੈ-ਇਕਾਂਤਵਾਸ ’ਚ ਚਲੇ ਗਏ ਹਨ, ਉੱਥੇ ਆਪਣੇ ਸਟਾਫ਼ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਜੋ ਨਿਯਮ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਲਈ ਬਣਾਏ ਗਏ ਹਨ, ਉਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਵੀ ਇੰਨ-ਬਿੰਨ ਲਾਗੂ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਅੱਜ ਐਸ ਐਮ ਓ ਬਲਾਚੌਰ ਡਾ. ਰਵਿੰਦਰ ਸਿੰਘ ਠਾਕੁਰ ਦੀ ਅਗਵਾਈ ਹੇਠਲੀ ਟੀਮ ਵੱਲੋਂ ਉਨ੍ਹਾਂ ਸਮੇਤ ਤਹਿਸੀਲ ਸਟਾਫ਼ ਦੇ 59 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਹਿਸੀਲ ਕੰਪਲੈਕਸ ਨੂੰ ਕਲ੍ਹ ਤੋਂ ਸੈਨੇਟਾਈਜ਼ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਅੱਜ ਵੀ ਪੂਰੀ ਤਰ੍ਹਾਂ ਸੈਨੇਟਾਈਜ਼ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਹਿੱਤ ਵਿੱਚ ਅਤੇ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਜਾਰੀ ਪ੍ਰੋਟੋਕਾਲ ਤਹਿਤ ਤਹਿਸੀਲ ਨੂੰ ਸ਼ੁੱਕਰਵਾਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਅੱਜ ਸੈਂਪਲ ਦੇਣ ਵਾਲੇ ਸਮੁੱਚੇ ਸਟਾਫ਼ ਨੂੰ ਰਿਪੋਰਟ ਆਉਣ ਤੱਕ ਆਪੋ-ਆਪਣੇ ਘਰਾਂ ’ਚ ਸਵੈ-ਇਕਾਂਤਵਾਸ ’ਚ ਜਾਣ ਦੀ ਹਦਾਇਤ ਕੀਤੀ ਗਈ ਹੈ। ਐਸ ਐਮ ਓ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਿਆਤ ਕੈਂਪਸ ਵਿਖੇ ਬਣਾਏ ਗਏ ਸਟੇਟ ਇਕਾਂਤਵਾਸ ’ਚ ਐਸ ਐਮ ਓ ਡਾ. ਗੁਰਿੰਦਰਜੀਤ ਸਿੰਘ ਦੀ ਟੀਮ ਵੱਲੋਂ ਆਮ ਵਾਂਗ 40 ਸੈਂਪਲ ਲਏ ਗਏ, ਜਿਨ੍ਹਾਂ ’ਚ ਉੱਥੇ ਬਾਹਰੋਂ ਆਏ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਸੈਂਪਲ ਕਰਵਾਉਣ ਆਏ ਲੋਕ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਪ੍ਰਸ਼ਾਸਨ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਬਾਕਾਇਦਾ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਭਵਿੱਖ ਦੀ ਰਣਨੀਤੀ ਉਲੀਕੀ ਗਈ ਅਤੇ ਅੱਜ ਲਏ ਗਏ ਸੈਂਪਲਾਂ ਦੇ ਨਤੀਜੇ ਆਉਣ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਸਬ ਡਵੀਜ਼ਨ ਬਲਾਚੌਰ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਤੋਂ ਬਚਾਅ ਲਈ ਘਰਾਂ ਤੋਂ ਬਾਹਰ ਘੱਟ ਨਿਕਲਣ ਅਤੇ ਜ਼ਰੂਰੀ ਹਾਲਤਾਂ ’ਚ ਬਿਨਾਂ ਮਾਸਕ ਤੋਂ ਬਾਹਰ ਨਾ ਆਉਣ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ। ਜੇਕਰ ਉਨ੍ਹਾਂ ਨੂੰ ਕੋਵਿਡ-19 ਨਾਲ ਸਬੰਧਤ ਕੋਈ ਲੱਛਣ ਜਿਵੇਂ ਕਿ ਤੇਜ਼ ਬੁਖਾਰ, ਸੁੱਕੀ ਖੰਘ, ਸਾਹ ਲੈਣ ’ਚ ਤਕਲੀਫ਼ ਜਾਂ ਫ਼ਲੂ ਦੇ ਲੱਛਣ ਹਨ ਤਾਂ ਉਹ ਤੁਰੰਤ ਨੇੜਲੇ ਸਰਕਾਰੀ ਹਸਪਤਾਲ ’ਚ ਬਣਾਏ ਫ਼ਲੂ ਕਾਰਨਰ ’ਤੇ ਸੰਪਰਕ ਕਰਨ।

Share This :

Leave a Reply