
ਨਵਾਂਸਹਿਰ/ਚੰਡੀਗੜ੍ਹ (ਏ-ਆਰ. ਆਰ. ਐੱਸ. ਸੰਧੂ) ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ” ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ” ਮਨਾਉਣ ਲਈ ਚੰਡੀਗੜ੍ਹ ਤੋਂ ਵਿਸ਼ੇਸ਼ ਬੈਨਰ ਰਿਲੀਜ ਕੀਤਾ। ਓੁਹਨਾਂ ਨੇ ਸਭ ਲੋਕਾਂ ਨੂੰ ਅਪੀਲ ਕੀਤੀ ਕਿ ਅੰਤਰਾਸ਼ਟਰੀ ਰੁੱਖ ਦਿਵਸ ਮੌਕੇ ਆਪਣੇ ਆਪਣੇ ਪੱਧਰ ਤੇ ਆਪਣਾ ਆਪਣਾ ਰੁੱਖ ਲਗਾਕੇ ਸਭ ਨੂੰ ਪ੍ਰੇਰਿਤ ਕੀਤਾ ਜਾਵੇ। ਸਮਾਜ ਸੇਵੀ ਸੰਸਥਾ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ (ਜੀ.ਜੀ.ਆਈ.ਓ.) ਦੇ ਬਾਨੀ ਸ੍ਰੀ ਅਸ਼ਵਨੀ ਕੁਮਾਰ ਜੋਸ਼ੀ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਹਰ ਇੱਕ ਵਿਅਕਤੀ ਨੂੰ ਰੁੱਖਾਂ ਨਾਲ ਨਿੱਜੀ ਤੌਰ ਤੇ ਭਾਵਿਕਤਾਪੂਰਣ ਜੋੜਨ ਦੇ ਉਦੇਸ਼ ਨਾਲ ” ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ” (ਇੰਟਰਨਨੇਸ਼ਨਲ ਮਾਈ ਟ੍ਰੀ ਡੇ) ਦੀ ਸਥਾਪਨਾ ਸਾਲ 2010 ਵਿੱਚ ਪੰਜਾਬ ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੀਤੀ ਗਈ ਸੀ।

ਇਸ ਦਿਨ ਦੀ ਮੱਹਤਵਤਾ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਣ ਵਿਭਾਗ ਨੇ ਸਵੈਇੱਛਾ ਨਾਲ ਮਨਾਏ ਜਾਂਦੇ ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਨੂੰ ਮਾਨਤਾ ਵੀ ਦਿੱਤੀ ਗਈ ਹੈ ( ਪੱਤਰ ਨੰਬਰ F W -3 / 8356 , 22-06-2018, ਪੰਜਾਬ ਸਰਕਾਰ ,ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ )। ਪੰਜਾਬ ਵਣ ਵਿਭਾਗ ਨੇ ਅੰਤਰਾਸ਼ਟਰੀ ਰੁੱਖ ਦਿਵਸ ਨੂੰ ਸਰਕਾਰੀ ਅਦਾਰਿਆਂ ਵਿੱਚ ਵੀ ਮਨਾਉਣ ਦੀ ਅਪੀਲ ਕੀਤੀ ਹੈ। ਸ੍ਰੀ ਅਸ਼ਵਨੀ ਕੁਮਾਰ ਜੋਸ਼ੀ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਲਈ ਖਾਸ ਕਰਕੇ ਭਾਰਤ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਸ. ਗੁਰਕਿਰਤ ਕਿਰਪਾਲ ਸਿੰਘ (IAS), ਮੈਡਮ ਸ਼ਰੁਤੀ ਸਿੰਘ (IAS), ਵਿਪੁਲ ਉੱਜਵਲ (IAS), ਅਮਿਤ ਕੁਮਾਰ (IAS) , ਵਿਨੈ ਬੁਬਲਾਨੀ (IAS), ਰਾਕੇਸ਼ ਅਗਰਵਾਲ (IPS) ਸਤਿੰਦਰ ਸਿੰਘ ਡੀਐਫੳ ਅਤੇ ਅਨੇਕਾਂ ਬੁੱਧੀਜੀਵੀਆਂ , ਵਿੱਦਿਅਕ ਸੰਸਥਾਵਾਂ, ਧਾਰਮਿਕ ਅਦਾਰਿਆਂ, ਪ੍ਰੇਮਿਆਂ ਤੇ ਸਮਾਜ ਸੇਵੀਆਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ।




















