ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸੈਨੇਟ ਵਿਚ ਦੂਸਰੇ ਮਹਾਦੋਸ਼ ਦੀ ਕਾਰਵਾਈ 8 ਫਰਵਰੀ ਤੋਂ ਸ਼ੁਰੂ ਹੋਵੇਗੀ। ਇਹ ਐਲਾਨ ਸੈਨੇਟ ਆਗੂਆਂ ਵਿਚਾਲੇ ਹੋਈ ਸਹਿਮਤੀ ਤੋਂ ਬਾਅਦ ਕੀਤਾ ਗਿਆ ਹੈ। ਸੈਨੇਟ ਦੇ ਬਹੁਗਿਣਤੀ ਆਗੂ
ਚੁੱਕ ਸ਼ੂਮਰ ਤੇ ਘੱਟ ਗਿਣਤੀ ਆਗੂ ਮਿਚ ਮੈਕੋਨਲ ਸਾਬਕਾ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਲਾਉਣ ਦੇ ਸਮੇ ਉਪਰ ਸਹਿਮਤ ਹੋਏ ਹਨ। ਮੈਕੋਨਲ ਦਾ ਕਹਿਣਾ ਸੀ ਕਿ ਮਹਾਦੋਸ਼ ਕਾਰਵਾਈ ਨੂੰ ਮੱਧ ਫਰਵਰੀ ਤੱਕ ਟਾਲ ਦਿੱਤਾ ਜਾਵੇ ਤਾਂ ਜੋ ਸਾਬਕਾ ਰਾਸ਼ਟਰਪਤੀ ਨੂੰ ਤਿਆਰੀ ਲਈ ਸਮਾਂ ਮਿਲ ਸਕੇ। ਕੁਝ ਡੈਮੋਕਰੈਟਸਮੈਂਬਰਾਂ ਦੀ ਰਾਏ ਸੀ ਕਿ ਕਾਰਵਾਈ ਅੱਗੇ ਪਾਉਣ ਨਾਲ ਸੈਨੇਟ ਨੂੰ ਰਾਸ਼ਟਰਪਤੀ ਜੋਅ ਬਾਇਡੇਨ ਦੁਆਰਾ ਨਾਮਜ਼ਦ ਅਧਿਕਾਰੀਆਂ ਦੀ ਪੁੁਸ਼ਟੀ ਕਰਨ ਲਈ ਸਮਾਂ ਮਿਲ ਜਾਵੇਗਾ।
ਮੈਕੋਨਲ ਦੇ ਬੁਲਾਰੇ ਡੌਗ ਐਂਡਰਸ ਨੇ ਦਸਿਆ ਕਿ ਸ਼ੂਮਰ ਕਾਰਵਾਈ ਨੂੰ ਅਗੇ ਪਾਉਣ ਲਈ ਸਹਿਮਤ ਹੋਏ ਹਨ। ਜਨਵਰੀ ਦੇ ਸ਼ੁਰੂ ਵਿਚ ਰਾਜਧਾਨੀ ਵਿਚ ਕੈਪੀਟਲ ਹਿੱਲ ਵਿੱਚ ਹਿੰਸਾ ਲਈ ਉਕਸਾਉਣ ਦੇ ਦੋਸ਼ ਤਹਿਤ 13 ਜਨਵਰੀ ਨੂੰ ਪ੍ਰਤੀਨਿੱਧ ਸਦਨ ਟਰੰਪ ਵਿਰੁੱਧ ਮਹਾਦੋਸ਼ ਪ੍ਰਸਤਾਵ ਪਾਸ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਸ਼ੂਮਰ ਤੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਸੀ ਕਿ ਮਹਾਦੋਸ਼ ਪ੍ਰਸਤਾਵ ਸੈਨੇਟ ਨੂੰ ਸੋਮਵਾਰ ਭੇਜ ਦਿੱਤਾ ਜਾਵੇਗਾ। ਮਹਾਦੋਸ਼ ਪ੍ਰਸਤਾਵ ਪਾਸ ਕਰਨ ਲਈ ਸੈਨੇਟ ਦੇ ਦੋ ਤਿਹਾਈ ਮੈਂਬਰਾਂ ਦੀ ਲੋੜ ਹੈ। ਸੈਨੇਟ ਵਿਚ ਰਿਪਬਲੀਕਨ ਤੇ ਡੈਮੋਕਰੈਟਸ ਮੈਂਬਰਾਂ ਦੀ ਗਿਣਤੀ ਬਰਾਬਰ ਹੈ ਇਸ ਲਈ ਦੋ ਤਿਹਾਈ ਮੈਂਬਰਾਂ ਦਾ ਸਮਰਥਨ ਮਿਲਣਾ ਮੁਸ਼ਕਿਲ ਲੱਗ ਰਿਹਾ ਹੈ। ਪਰ ਕੁੱਝ ਰਿਪਬਲੀਕਨ ਮੈਂਬਰ ਵੀ ਪ੍ਰਸਤਾਵ ਦਾ ਸਮਰਥਨ ਕਰ ਚੁੱਕੇ ਹਨ। ਇਹ ਰਿਪਬਲੀਕਨ ਮੈਂਬਰ ਸਮਝਦੇ ਹਨ ਕਿ ਸਾਬਕਾ ਰਾਸ਼ਟਰਪਤੀ ਨੇ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਇਸ ਲਈ ਮਹਾਦੋਸ਼ ਕਾਰਵਾਈ ਨੇਪਰੇ ਚਾੜ ਕੇ ਉਸ ਦੇ ਦੁਬਾਰਾ ਚੋਣ ਲੜਨ ਦੀਆਂ ਸੰਭਾਵਨਾਵਾਂ ਨੂੰ ਖਤਮ ਕਰ ਦਿੱਤਾ ਜਾਵੇ।