ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਆਪਣੇ ਢੰਗ ਤਰੀਕੇ ਨੂੰ ਉਚਿੱਤ ਦਸਦਿਆਂ ਕਿਹਾ ਹੈ ਕਿ ਜੇਕਰ ਭਾਰਤ ਤੇ ਚੀਨ ਵਰਗੇ ਦੇਸ਼ਾਂ ਨੇ ਕੋਰੋਨਾਵਾਇਰਸ ਦੇ ਵਧ ਟੈਸਟ ਕੀਤੇ ਹੁੰਦੇ ਤਾਂ ਉਥੇ ਕੋਰੋਨਾਵਾਇਰਸ ਦੇ ਮਾਮਲੇ ਅਮਰੀਕਾ ਨਾਲੋਂ ਵੀ ਵਧ ਜਾਣੇ ਸਨ।
ਉਨਾਂ ਨੇ ਪੁਰੀਟਨ ਮੈਡੀਕਲ ਪ੍ਰੋਡਕਟਸ ਮੈਨੀ ਵਿਖੇ ਕਿਹਾ ਕਿ ਅਮਰੀਕਾ ਨੇ 2 ਕਰੋੜ ਟੈਸਟ ਕੀਤੇ ਹਨ ਜਦ ਕਿ ਜਰਮਨੀ ਨੇ 40 ਲੱਖ ਤੇ ਦੱਖਣੀ ਕੋਰੀਆ ਜਿਸ ਦੀ ਕੋਰੋਨਾਵਾਇਰਸ ਮਹਾਮਾਰੀ ਉਪਰ ਕਾਬੂ ਪਾਉਣ ਦੇ ਮਾਮਲੇ ਵਿਚ ਚਰਚਾ ਹੁੰਦੀ ਹੈ, ਵਿਚ 30 ਲੱਖ ਦੇ ਕਰੀਬ ਟੈਸਟ ਹੋਏ ਹਨ। ਟਰੰਪ ਨੇ ਕਿਹਾ ਕਿ ਸਿਹਤ ਮੰਤਰਾਲੇ ਅਨੁਸਾਰ ਭਾਰਤ ਨੇ ਹੁਣ ਤੱਕ 40 ਲੱਖ ਤੋਂ ਵਧ ਟੈਸਟ ਕੀਤੇ ਹਨ ਜਦ ਕਿ ਅਸੀਂ ਕੋਰੋਨਾ ਟੈਸਟਿੰਗ ਦੇ ਮਾਮਲੇ ਵਿਚ 2 ਕਰੋੜ ਤੋਂ ਟੱਪ ਗਏ ਹਾਂ। ਉਨਾਂ ਕਿਹਾ ਕਿ ਜਿੰਨੇ ਵਧ ਟੈਸਟ ਕਰੋਗੇ ਓਨੇ ਵਧ ਮਾਮਲੇ ਸਾਹਮਣੇ ਆਉਣਗੇ। ਅਮਰੀਕਾ ਵਿਚ ਹੁਣ ਤੱਕ 1,12,096 ਮੌਤਾਂ ਹੋ ਚੁੱਕੀਆਂ ਹਨ ਤੇ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 19,88,544 ਹੈ।