
ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਵੱਲੋਂ ਬੰਗਾ ਸਬ ਡਵੀਜ਼ਨ ਵਿਖੇ ਸਮਾਰਟ ਰਾਸ਼ਨ ਕਾਰਡ ਸਕੀਮ ਦਾ ਰਸਮੀ ਤੌਰ ’ਤੇ ਆਗਾਜ਼ ਕਰਦਿਆਂ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਕੀਤੀ ਗਈ। ਇਸ ਮੌਕੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਇਹ ਯੋਜਨਾ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਵਰਦਾਨ ਸਿੱਧ ਹੋਵੇਗੀ ਅਤੇ ਇਸ ਨਾਲ ਯੋਗ ਲਾਭਪਾਤਰੀਆਂ ਨੂੰ ਲਾਭ ਮਿਲਣਾ ਯਕੀਨੀ ਬਣੇਗਾ। ਉਨਾਂ ਕਿਹਾ ਕਿ ਇਸ ਨਾਲ ਵੰਡ ਪ੍ਰਣਾਲੀ ਵਿਚ ਪਾਦਰਸ਼ਤਾ ਆਵੇਗੀ ਅਤੇ ਕਿਸੇ ਵੀ ਤਰਾਂ ਦੀ ਚੋਰੀ ਜਾਂ ਘਪਲੇ ਦੀ ਗੰਜਾਇਸ਼ ਨਹੀਂ ਰਹੇਗੀ। ਉਨਾਂ ਕਿਹਾ ਕਿ ਇਨਾਂ ਸਮਾਰਟ ਕਾਰਡਾਂ ਦੀ ਖਾਸੀਅਤ ਇਹ ਹੈ ਕਿ ਇਨਾਂ ਰਾਹੀਂ ਕੋਈ ਵੀ ਲਾਭਪਾਤਰੀ ਆਪਣੀ ਸੁਵਿਧਾ ਦੇ ਕਿਸੇ ਵੀ ਡਿਪੂ ਹੋਲਡਰ ਤੋਂ ਸਰਕਾਰੀ ਰਾਸ਼ਨ ਲੈ ਸਕੇਗਾ।
ਉਨਾਂ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਯੋਜਨਾ ਦਾ ਮੰਤਵ ਨਿਰੋਲ ਲੋੜਵੰਦ ਪਰਿਵਾਰਾਂ ਨੂੰ ਰਿਆਇਤੀ ਦਰਾਂ ’ਤੇ ਰਾਸ਼ਨ ਮੁਹੱਈਆ ਕਰਵਾਉਣਾ ਹੈ। ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਨੇ ਇਸ ਮੌਕੇ ਕਿਹਾ ਕਿ ਰਾਸ਼ਨ ਵੰਡ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਟੀ. ਪੀ. ਡੀ. ਐਸ ਦੇ ਕੰਮ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਕਾਰਡ ਦੀ ਵਰਤੋਂ ਕਰ ਕੇ ਲਾਭਪਾਤਰੀ ਬਿਨਾਂ ਕਿਸੇ ਵਾਧੂ ਦਸਤਾਵੇਜ਼ਾਂ ਨੂੰ ਨਾਲ ਲਿਆਏ ਈ-ਪੋਜ਼ ਮਸ਼ੀਨ ਰਾਹੀਂ ਸਰਕਾਰੀ ਡਿਪੂਆਂ ਤੋਂ ਅਨਾਜ ਲੈ ਸਕਦੇ ਹਨ। ਉਨਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਪਰਿਵਾਰ ਦੇ ਵੇਰਵੇ ਹਾਸਲ ਕਰਨ ਲਈ ਈ-ਪੋਜ਼ ਮਸ਼ੀਨ ’ਤੇ ਸਵਾਇਪ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਦੀ ਬਾਇਓਮੈਟਿ੍ਰਕ ਪ੍ਰਮਾਣਿਕਤਾ ਅਨਾਜ ਦੇਣ ਲਈ ਕੀਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਦਰਵਜੀਤ ਸਿੰਘ ਪੂਨੀਆ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਤੋਂ ਇਲਾਵਾ ਖੁਰਾਕ ਤੇ ਸਿਪਲਾਈ ਮਹਿਕਮੇ ਦੇ ਅਧਿਕਾਰੀ, ਡਿਪੂ ਹੋਲਡਰ ਅਤੇ ਲਾਭਪਾਤਰੀ ਹਾਜ਼ਰ ਸਨ।





















