ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਟੈਕਸਾਸ ਦੇ ਹਿਊਸਟਨ ਵਿੱਚ ਇੱਕ ਮਾਂ ‘ਤੇ ਉਸ ਦੇ ਹੀ 6 ਸਾਲ ਦੇ ਬੱਚੇ ਦੀ ਮੌਤ ਕਰਨ ਕਰਕੇ ਕਤਲ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਵਿੱਚ 25 ਸਾਲਾ ਐਸ਼ਲੇ ਮਾਰਕਸ ‘ਤੇ ਆਪਣੇ ਹੀ ਪੁੱਤਰ, ਜੇਸਨ ਸੈਂਚੇਜ਼ ਮਾਰਕਸ ਨੂੰ ਮੈਥ, ਕੋਕੀਨ ਅਤੇ ਹੋਰ ਨਸ਼ੇ ਖਵਾਉਣ ਦੇ ਇਲਜ਼ਾਮ ਹਨ, ਜਿਸ ਨਾਲ ਉਸਦੀ ਜੂਨ 2020 ਵਿੱਚ ਮੌਤ ਹੋ ਗਈ ਸੀ।
ਇਸ ਸੰਬੰਧੀ ਸਰਕਾਰੀ ਵਕੀਲ ਅਨੁਸਾਰ ਮਾਰਕਸ ਨੇ ਜੀਵਨ ਬੀਮਾ ਪਾਲਿਸੀਆਂ ਦੀ ਰਾਸ਼ੀ ਇਕੱਤਰ ਕਰਨ ਲਈ ਲੜਕੇ ਦੀ ਹੱਤਿਆ ਕੀਤੀ, ਜਿਹਨਾਂ ਦੀ ਕੁੱਲ ਕੀਮਤ 100,000 ਡਾਲਰ ਹੈ।ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਮਾਰਕਸ ਆਪਣੇ ਬੇਟੇ ਨੂੰ ਕਲੋਰਫੇਨੀਰਾਮਾਈਨ, ਡਿਫੇਨਹਾਈਡ੍ਰਾਮਾਈਨ, ਜੋ ਕਿ ਐਲਰਜੀ ਦੀਆਂ ਦਵਾਈਆਂ ਹਨ, ਅਤੇ ਡੈਕਸਟ੍ਰੋਮੇਥੋਰਫਨ, ਖੰਘ ਦੀ ਦਵਾਈ ਹੈ, ਦੇਣ ਦਾ ਵੀ ਦੋਸ਼ ਲਾਇਆ ਗਿਆ ਹੈ।ਟੈਕਸਾਸ ਦੇ ਪਰਿਵਾਰਕ ਅਤੇ ਸੁਰੱਖਿਆ ਸੇਵਾਵਾਂ ਵਿਭਾਗ ਦੀ ਰਿਪੋਰਟ ਦੇ ਅਨੁਸਾਰ, ਜੇਸਨ ਅਤੇ ਉਸਦੀ ਛੋਟੀ ਭੈਣ ਅਪ੍ਰੈਲ 2020 ਵਿੱਚ ਆਪਣੇ ਦਾਦੇ ਕੋਲ ਗਏ ਸਨ, ਅਤੇ ਮਾਰਕਸ ਬੱਚਿਆਂ ਨੂੰ ਦਵਾਈ ਦੇਣ ਲਈ ਉਸਦੇ ਘਰ ਗਈ ਸੀ, ਪਰ ਲੜਕੀ ਨੇ ਇਸ ਦੌਰਾਨ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸੰਬੰਧੀ ਦਾਦੇ ਨੇ ਦੱਸਿਆ ਕਿ ਉਸਨੇ ਕਈ ਵਾਰ ਮਾਰਕਸ ਨਾਲ ਸੰਪਰਕ ਕੀਤਾ ਕਿਉਂਕਿ 6 ਸਾਲ ਦਾ ਬੱਚਾ ਬਿਮਾਰ ਸੀ। ਪਰ ਨਾ ਤਾਂ ਮਾਂ ਅਤੇ ਨਾ ਹੀ ਦਾਦੇ ਨੇ 6 ਸਾਲਾਂ ਬੱਚੇ ਲਈ ਡਾਕਟਰੀ ਸਹਾਇਤਾ ਮੰਗੀ ਜਦਕਿ ਬੱਚੇ ਦੀ ਹਾਲਤ ਵਿਗੜਦੀ ਗਈ। ਇਸ ਕੇਸ ਸੰਬੰਧੀ ਵੀਰਵਾਰ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਮਾਰਕਸ ਨੇ ਬਾਂਡ ਦੇਣ ਤੋਂ ਇਨਕਾਰ ਕਰ ਦਿੱਤਾ। ਜੇਸਨ ਦੇ ਅਧਿਆਪਕਾਂ ਅਨੁਸਾਰ ਉਹ ਇੱਕ ਪਿਆਰਾ ਬੱਚਾ ਸੀ, ਜੋ ਕਿ ਹਿਊਸਟਨ ਚਿੜੀਆਘਰ ਦਾ ਦੌਰਾ ਕਰਨਾ ਪਸੰਦ ਕਰਦਾ ਸੀ।






















