


ਅੱਜ ਪੰਜਾਬ ਵਿੱਚ ਤੂਤ ਦਾ ਦਰੱਖਤ ਬਹੁਤ ਘੱਟ ਗਿਆ ਹੈ। ਕੁੱਝ ਸਾਡੀ ਪੱਥਰ ਅਗਿਆਨਤਾ ਨੇ ਖਾ ਲਿਆ ਤੇ ਕੁੱਝ ਸਾਡਾ ਦਰਖਤਾਂ ਪ੍ਰਤੀ ਅਵੇਸਲਾਪਣ। ਬਹੁਤਿਆਂ ਨੂੰ ਯਾਦ ਹੋਵੇਗਾ ਕਿ ਪੁਰਾਣੇ ਸਮਿਆਂ ‘ਚ ਪਿੰਡਾਂ ‘ਚ ਤੂਤਾਂ ਨੂੰ ਛਾਂਗ ਕੇ ਉਨ੍ਹਾਂ ਦੀਆਂ ਛਟੀਆਂ ਨੂੰ ਸਾਫ਼ ਕਰਕੇ ਟੋਕਰੇ, ਟੋਕਰੀਆਂ ਅਤੇ ਛਾਬੇ ਬਣਾਏ ਜਾਂਦੇ ਸਨ। ਮੈਨੂੰ ਯਾਦ ਹੈ ਮੇਰੇ ਦਾਦਾ ਜੀ ਟੋਕਰੇ ਬਣਾਉਣ ਵਾਲੇ (ਬੌਰੀਏ) ਨੂੰ ਘਰ ਬੁਲਾ ਕੇ ਟੋਕਰੇ ਬਣਵਾਉਂਦੇ ਸਨ। ਸਾਡੇ ਤੂਤ ਵੀ ਬਹੁਤ ਜ਼ਿਆਦਾ ਹੁੰਦੇ ਸਨ। ਤੂਤ ਦੀਆ ਛਟੀਆਂ ਦਾ ਅਧਿਕ ਲਚਕੀਲਾ ਤੇ ਮਜ਼ਬੂਤ ਹੋਣ ਕਰਕੇ ਟੋਕਰੇ ਸਿਰਫ਼ ਤੂਤ ਦੇ ਹੀ ਬਣਾਏ ਜਾਂਦੇ ਹਨ। ਵੈਸੇ ਵੀ ਉਹਨਾਂ ਸਮਿਆਂ ‘ਚ ਹੱਥੀਂ ਕੰਮ ਕਰਨਾ ਸਾਡੀ ਵਿਰਾਸਤ ਦਾ ਅਟੁੱਟ ਅੰਗ ਰਿਹਾ ਸੀ। ਇਹ ਟੋਕਰੇ ਸਾਡੀ ਪੇਂਡੂ ਵਿਰਾਸਤ ਦਾ ਸ਼ੁਰੂ ਤੋਂ ਹੀ ਹਿੱਸਾ ਰਹੇ ਹਨ। ਸਾਡੇ ਘਰਾਂ ਵਿੱਚ ਪਸ਼ੂਆਂ ਨੂੰ ਪੱਠੇ ਪਾਉਣਾ, ਰੂੜੀ ਵਾਲੀ ਖਾਦ ਢੋਹਣੀ, ਪਾਥੀਆਂ ਢੋਹਣਾ ਤੇ ਘਰ ਵਿੱਚ ਵਾਧੂ ਲਸਣ, ਪਿਆਜ, ਆਲੂ ਆਦਿ ਰੱਖਣ ਲਈ ਵੀ ਇਹ ਟੋਕਰੇ-ਟੋਕਰੀਆਂ ਵਰਤੇ ਜਾਂਦੇ ਸਨ। ਪੁਰਾਣੇ ਪੰਜਾਬ ‘ਚ ਵਿਆਹਾਂ ਸਮੇਂ ਘਰਾਂ ‘ਚ ਪਕਵਾਨਾਂ (ਮਠਿਆਈ, ਪਕੌੜੇ, ਸ਼ੀਰਨੀ, ਸ਼ੱਕਰਪਾਰੇ ਆਦਿ) ਦੀ ਸਾਂਭ-ਸੰਭਾਲ ਲਈ ਹਲਵਾਈ ਅਕਸਰ ਟੋਕਰੇ ਜਾਂ ਲੱਜ (ਵੱਡਾ ਟੋਕਰਾ) ‘ਚ ਅਖ਼ਬਾਰਾਂ ਵਿਛ ਸੰਭਾਲਦੇ ਸਨ। ਤਾਜ਼ਾ ਤੂਤ ਦੀਆਂ ਛਟੀਆਂ ‘ਚੋਂ ਆਉਦੀ ਵਾਸ਼ਨਾ (ਮਹਿਕ) ਮਾਹੌਲ ਨੂੰ ਹੋਰ ਰਮਣੀਕ ਬਣਾ ਦਿੰਦੀ ਸੀ। ਅੱਜ ਦੀਆਂ ਨਕਲੀ ਮਹਿਕਾਂ ਕੋਲ ਇਸ ਮਹਿਕ ਦਾ ਕੋਈ ਤੋੜ ਨਹੀਂ ਹੈ। ਅਸੀਂ ਇਹ ਕੁਦਰਤੀ ਤੇ ਦੁਰਲਭ ਮਹਿਕ ਨੂੰ ਵਿਸਾਰ ਚੁੱਕੇ ਹਾਂ। ਤੂਤ ਅਤੇ ਇਸਤੋਂ ਬਣਨ ਵਾਲੇ ਟੋਕਰੇ ਸਾਡੇ ਪੰਜਾਬੀ ਗੀਤ-ਸੰਗੀਤ ਦਾ ਵੀ ਅਟੁੱਟ ਹਿੱਸਾ ਰਹੇ ਹਨ।
ਇਕ ਬੋਲੀ ਵਿੱਚ ਵੀ ਟੋਕਰੇ ਦਾ ਇਉਂ ਵਰਨਣ ਹੈ –
“ਆ ਵੇ ਨਾਜਰਾ ਬਹਿ ਵੇ ਨਾਜਰਾ ਕਿੱਥੇ ਨੇ ਤੇਰੇ ਘਰ ਵੇਬੋਤੇ ਤੇਰੇ ਨੂੰ ਘਾਹ ਦਾ ਟੋਕਰਾ ਤੈਨੂੰ ਦੋ ਪਰਸ਼ਾਦੇ….ਗਿੱਧੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ।”
ਮੈਂ ਵੇਖਿਆ ਬਹੁਤੇ ਘਰਾਂ ‘ਚ ਰੱਸੀਆਂ ਪਾ ਕੇ ਬਰਾਂਡੇ ‘ਚ ਟੋਕਰਾ ਲਮਕਾ ਕੇ ਉਸ ਵਿਚ ਵਰਤੋਂ ਵਾਲੀਆਂ ਵਸਤੂਆਂ ਰੱਖੀਆਂ ਜਾਂਦੀਆਂ ਸਨ। ਅੱਜ ਸਮਾਂ ਬਦਲਣ ਨਾਲ ਇਹ ਕਲਾ ਵੀ ਵਿਸਰ ਗਈ ਹੈ। ਹੁਣ ਇਨ੍ਹਾਂ ਦਾ ਸਥਾਨ ਪਲਾਸਟਿਕ ਦੇ ਕੇਰੇਟਾਂ ਨੇ ਲੈ ਲਈ ਹੈ। ਸਾਡੇ ਤਾਂ ਘਰ ਵਿੱਚ ਸਾਗ ਧੋ ਕੇ ਟੋਕਰੀ ਵਿੱਚ ਈ ਰੱਖਿਆ ਜਾਂਦਾ ਸੀ। ਭਾਂਡੇ ਮਾਂਜ ਕੇ ਧੋ ਕੇ ਟੋਕਰੀ ਵਿੱਚ ਰੱਖਣਾ ਸਾਡੇ ਵਿਰਸੇ ਦਾ ਹਿੱਸਾ ਸੀ। ਪਰ ਹੁਣ ਘਰ-ਘਰ ਵਿੱਚ ਪਲਾਸਟਿਕ ਦੀਆਂ ਵੰਨ-ਸੁਵੰਨੀਆਂ ਟੋਕਰੀਆਂ ਨੇ ਜਗ੍ਹਾ ਹਥਿਆ ਲਈ ਹੈ। ਉਹਨਾਂ ਸਮਿਆਂ ‘ਚ ਖਾਲੀ ਟੋਕਰੇ ਨੂੰ ਬਦਸ਼ਗਨੀ ਵੀ ਸਮਝਿਆ ਜਾਂਦਾ ਸੀ। ਜੇ ਕੋਈ ਔਰਤ ਰਸਤੇ ‘ਚ ਕਿਸੇ ਨੂੰ ਖਾਲੀ ਟੋਕਰਾ ਲਈ ਆਉਦੀ ਮਿਲ ਪੈਂਦੀ ਸੀ ਤਾਂ ਇਸਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਹੱਥੀਂ ਟੋਕਰੇ ਬਣਾਉਣੇ ਸੌਖੇ ਨਹੀਂ ਸਨ। ਕਾਰੀਗਿਰੀ ਅਤੇ ਲਗਾਤਾਰ ਅਭਿਆਸ ਦੀ ਜ਼ਰੂਰਤ ਪੈਂਦੀ ਹੈ। ਪਹਿਲਾਂ ਤੂਤ ਦੀਆਂ ਛਟੀਆਂ ਨੂੰ ਦਾਤ ਨਾਲ ਦੋ ਫਾੜ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਹੇਠਾਂ ਬੇਸ ਬਣਾਇਆ ਜਾਂਦਾ ਫਿਰ ਵਿੱਚ ਛਟੀਆਂ ਪਰੋਈਆਂ ਜਾਦੀਆਂ ਤੇ ਬਣਾਉਣ ਵਾਲਾ ਵੀ ਨਾਲ਼ੋਂ ਨਾਲ਼ ਘੁੰਮਦਾ। ਹੱਥਾਂ ‘ਤੇ ਜ਼ਖਮ ਵੀ ਹੋ ਜਾਂਦੇ ਹਨ। ਬਹੁਤ ਮਿਹਨਤ ਆਉਂਦੀ ਜੀ ਤੂਤ ਦੇ ਟੋਕਰੇ ਬਣਾਉਣ ‘ਤੇ। ਮੇਰੇ ਇਲਾਕੇ ‘ਚ ਦਿਆਲਪੁਰੇ ਪਿੰਡ ਤੋਂ ਲਾਡੀ ਤੇ ਬੱਬੂ ਅਜੇ ਵੀ ਬਹੁਤ ਸਾਫ਼ਗੋਈ ਨਾਲ ਟੋਕਰੇ ਬਣਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਹੱਥ ‘ਚ ਅੱਜ ਵੀ ਬਰਕਤ ਹੈ। ਕੁੱਝ ਦਿਨ ਪਹਿਲਾਂ ਮੈਂ ਕਿਤੇ ਜਾ ਰਹੀ ਸੀ ਤਾਂ ਉਹ ਨਵੇਂ ਬਣੇ ਹਾਈਵੇਅ ਦੇ ਪੁਲ ਹੇਠਾਂ ਟੋਕਰੇ ਬਣਾ ਰਹੇ ਸੀ। ਉਨ੍ਹਾਂ ਕੋਲ ਰੁਕ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਬਹੁਤ ਮਿਹਨਤ ਵਾਲਾ ਕੰਮ ਹੈ। ਪਰ ਅੱਜ ਕੱਲ੍ਹ ਮਿਹਨਤ ਪੂਰੀ ਨਹੀਂ ਮਿਲਦੀ। ਸੋ, ਆਓ ਸਾਰੇ ਬਾਕੀ ਰੁੱਖਾਂ ਵਾਂਗ ਤੂਤ ਵੀ ਉਗਾਈਏ ਤੇ ਇਸ ਕਲਾ ਨੂੰ ਖਤਮ ਹੋਣ ਤੋਂ ਬਚਾਈਏ।