ਪ੍ਰਤੀਨਿੱਧ ਸਦਨ ਵੱਲੋਂ ਡਾਕ ਸੇਵਾ ਵਿਚ ਕਿਸੇ ਕਿਸਮ ਦੀ ਤਬਦੀਲੀ ਵਿਰੁੱਧ ਬਿੱਲ ਪਾਸ

ਦੋ ਦਰਜ਼ਨ ਤੋਂ ਵਧ ਰਿਪਬਲੀਕਨ ਮੈਂਬਰ ਵੀ ਬਿੱਲ ਦੇ ਹੱਕ ਵਿਚ ਭੁਗਤੇ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਡੈਮੋਕਰੈਟਸ ਦੀ ਬਹੁਮਤ ਵਾਲੇ ਪ੍ਰਤੀਨਿੱਧ ਸਦਨ ਨੇ ਦੇਸ਼ ਦੀ ਡਾਕ ਸੇਵਾ ਵਿਚ ਕਿਸੇ ਵੀ ਤਰਾਂ ਦੀ ਹੋਰ ਤਬਦੀਲੀ ਰੋਕਣ ਲਈ ਬਿੱਲ ਪਾਸ ਕਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਕ ਟਵੀਟ ਦੁਆਰਾ ਡਾਕ ਰਾਹੀਂ ਵੋਟਾਂ ਨੂੰ ਧੋਖਾ ਕਰਾਰ ਦਿੰਦਿਆਂ ਬਿੱਲ ਵਿਰੁੱਧ ਵੋਟ ਪਾਉਣ ਦੀ ਕੀਤੀ ਗਈ ਅਪੀਲ ਦੀ ਪਰਵਾਹ ਨਾ ਕਰਦਿਆਂ 2 ਦਰਜ਼ਨ ਤੋਂ ਵਧ ਰਿਪਬਲੀਕਨ ਮੈਂਬਰਾਂ ਨੇ ਵੀ ਬਿੱਲ ਦੇ ਹੱਕ ਵਿਚ ਵੋਟ ਪਾਈ। ਬਿੱਲ ਦੇ ਹੱਕ ਵਿਚ 257 ਤੇ ਵਿਰੁੱਧ 150 ਵੋਟਾਂ ਪਈਆਂ। ਇਸ ਦੇ ਨਾਲ ਹੀ ਸਦਨ ਨੇ ਨਵੰਬਰ ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਡਾਕ ਰਾਹੀਂ ਵੋਟਾਂ ਪੈਣ ਦੀ ਸੰਭਾਵਨਾ ਨੂੰ ਮੁੱਖ ਰਖਦਿਆਂ ਡਾਕ ਸੇਵਾਵਾਂ ਲਈ 25 ਅਰਬ ਡਾਲਰ ਫੰਡ ਦੇਣ ਦੀ ਪ੍ਰਵਾਨਗੀ ਵੀ ਦੇ ਦਿੱਤੀ।।

ਸੈਨੇਟ ਵਿਚ ਰਿਪਬਲੀਕਨ ਪਾਰਟੀ ਦੀ ਬਹੁਮਤ ਕਾਰਨ ਬਿੱਲ ਬਾਰੇ ਅਜੇ ਬੇਯਕੀਨੀ ਬਣੀ ਹੋਈ ਹੈ। ਸੈਨੇਟ ਵਿਚ ਮਜੌਰਟੀ ਆਗੂ ਮਿਚ ਮੈਕਕੋਨਲ ਨੇ ਕਿਹਾ ਹੈ ਕਿ ਉਸ ਨੂੰ ਸੰਦੇਹ ਹੈ ਕਿ ਕੇਵਲ ਡਾਕ ਸੇਵਾ ਨਾਲ ਸਬੰਧਤ ਬਿੱਲ ਸੈਨੇਟ ਪਾਸ ਕਰ ਸਕਦੀ ਹੈ। ਡੈਮੋਕਰੈਟਸ ਅਨੁਸਾਰ ਫੰਡਾਂ ਦੀ ਘਾਟ ਕਾਰਨ ਡਾਕ ਸੇਵਾ ਅਧਿਕਾਰੀਆਂ ਨੇ ਡਾਕ ਛਾਂਟਣ ਵਾਲੀਆਂ ਮਸ਼ੀਨਾਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ, ਡਾਕ ਲਿਜਾਣ ਵਾਲੇ ਮੁਲਾਜ਼ਮਾਂ ਦੇ ਓਵਰ ਟਾਈਮ ਵਿਚ ਕਟੌਤੀ ਕੀਤੀ ਹੈ ਤੇ ਹੋਰ ਕਈ ਵਿਵਾਦਗ੍ਰਸਤ ਤਬਦੀਲੀਆਂ ਕੀਤੀਆਂ ਹਨ। ਉਨਾਂ ਦਾ ਕਹਿਣਾ ਹੈ ਕਿ ‘ਇਸ ਨਾਲ ਬਜ਼ੁਰਗਾਂ ਤੇ ਹੋਰ ਅਮਰੀਕਨਾਂ, ਜੋ ਮੁਕੰਮਲ ਤੌਰ ‘ਤੇ ਡਾਕ ਸੇਵਾ ਉਪਰ ਨਿਰਭਰ ਹਨ, ਨੂੰ ਦਵਾਈਆਂ ਤੇ ਹੋਰ ਸਮਾਨ ਮਿਲਣ ਵਿਚ ਦੇਰੀ ਹੋ ਰਹੀ ਹੈ। ਡਾਕ ਸੇਵਾ ਬਹੁਤ ਬੁਰੇ ਹਾਲਾਤ ਵਿਚੋਂ ਗੁਜਰ ਰਹੀ ਹੈ। ਇਸ ਅਹਿਮ ਸੇਵਾ ਨੂੰ ਜਾਰੀ ਰਖਣ ਪ੍ਰਤੀ ਡੈਮੋਕਰੈਟਸ ਵਚਨਬੱਧ ਹਨ।’ ਇਥੇ ਵਰਣਨਯੋਗ ਹੈ ਕਿ ਪ੍ਰਤੀਨਿੱਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਡਾਕ ਸੇਵਾ ਵਿਚ ਕਿਸੇ ਕਿਸਮ ਦੀ ਤਬਦੀਲੀ ਕਰਨ ਤੇ ਇਸ ਅਹਿਮ ਵਿਭਾਗ ਨੂੰ ਫੰਡ ਰੋਕਣ ਦਾ ਵਿਰੋਧ ਕਰਦਿਆਂ ਸਦਨ ਦਾ ਵਿਸ਼ੇਸ਼ ਇਜਲਾਸ ਸੱਦਿਆ ਸੀ। ਬਿੱਲ ਉਪਰ ਹੋਈ ਬਹਿਸ ਦੌਰਾਨ ਡੈਮੋਕਰੈਟਸ ਨੇ ਰਾਸ਼ਟਰਪਤੀ ਟਰੰਪ ਵੱਲੋਂ ਆਪਣੀ ਮਨਮਰਜੀ ਨਾਲ ਡਾਕ ਸੇਵਾ ਵਿਚ ਕੀਤੀਆਂ ਤਬਦੀਲੀਆਂ ਦਾ ਵਿਰੋਧ ਕੀਤਾ।

Share This :

Leave a Reply