ਪੰਜਾਬ ਸਰਕਾਰ ਰੋਜ਼ਾਨਾ ਟੈਸਟਿੰਗ ‘ਤੇ ਖ਼ਰਚ ਰਹੀ ਹੈ 2 ਕਰੋੜ
ਮੀਡੀਆ ਪਾਸੋਂ ਗ਼ਲਤ ਅਫ਼ਵਾਹਾਂ ਨੂੰ ਠੱਲ ਪਾਉਣ ਲਈ ਸਹਿਯੋਗ ਦੀ ਮੰਗ

ਪਟਿਆਲਾ (ਮੀਡੀਆ ਬਿਊਰੋ) ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅੱਜ ਇੱਥੇ ਕਿਹਾ ਕਿ ਕੋਵਿਡ-19 ਤੋਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਸਮੇਂ ਸਿਰ ਟੈਸਟਿੰਗ ਅਤੇ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਸਪਤਾਲ ਦਾਖਲ ਹੋਣਾ ਲਾਜਮੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ‘ਚ ਕੋਵਿਡ ਵਿਰੁੱਧ ਜੰਗ ਨੂੰ ਹਰ ਪੱਧਰ ‘ਤੇ ਬੜੀ ਬਾਰੀਕੀ ਨਾਲ ਦੇਖ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਕੱਲੀ ਟੈਸਟਿੰਗ ‘ਤੇ ਹੀ ਰੋਜ਼ਾਨਾ ਦੋ ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਮੈਡੀਕਲ ਸਿੱਖਿਆ ਮੰਤਰੀ ਜੋ ਕਿ ਅੱਜ ਇੱਥੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਸਮੇਤ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਸਨ, ਨੇ ਕਿਹਾ ਕਿ ਪੰਜਾਬ ਦੇ ਤਿੰਨੋ ਮੈਡੀਕਲ ਕਾਲਜ ਕੋਵਿਡ ਵਿਰੁੱਧ ਜੰਗ ‘ਚ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਲੈਵਲ-2 ਅਤੇ ਲੈਵਲ-3 (ਗੰਭੀਰ ਅਤੇ ਹੋਰ ਬਿਮਾਰੀਆਂ ਨਾਲ ਗ੍ਰਸਤ) ਮਰੀਜਾਂ ਦਾ ਬੜੀ ਹੀ ਤਨਦੇਹੀ ਨਾਲ ਇਲਾਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਿਹਤ ਸੰਸਥਾਵਾਂ ‘ਚ ਕੋਵਿਡ ਮਰੀਜਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ ਅਤੇ ਦਵਾਈਆਂ ਤੇ ਖਾਣਾ ਵੀ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਸੋਨੀ ਨੇ ਰਾਜਿੰਦਰਾ ਹਸਪਤਾਲ ‘ਚ ਦਾਖਲ ਕੋਵਿਡ ਮਰੀਜ ਨਾਲ ਗੱਲ ਕਰਕੇ ਉਸਦਾ ਹਾਲ ਚਾਲ ਪੁੱਛਿਆ ਅਤੇ ਇਲਾਜ ਪ੍ਰਬੰਧਾਂ ਬਾਰੇ ਜਾਣਕਾਰੀ ਲਈ। ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ‘ਚ ਇਸ ਮੌਕੇ ਤਿੰਨ ਮੈਡੀਕਲ ਕਾਲਜਾਂ ਸਮੇਤ 7 ਸਰਕਾਰੀ ਲੈਬਾਰਟਰੀਆਂ ‘ਚ ਰੋਜ਼ਾਨਾ ਟੈਸਟਿੰਗ ਦਾ ਅੰਕੜਾ 20 ਹਜ਼ਾਰ ਦੀ ਸਮਰੱਥਾ ‘ਤੇ ਪੁੱਜ ਗਿਆ ਹੈ ਅਤੇ ਹੁਣ ਤੱਕ 10 ਲੱਖ ਤੋਂ ਵਧੇਰੇ ਟੈਸਟ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਟੈਸਟਾਂ ਅਤੇ ਇਲਾਜ ਪ੍ਰਤੀ ਗ਼ਲਤ ਪ੍ਰਚਾਰ ਦੇ ਪ੍ਰਭਾਵ ‘ਚ ਨਾ ਆ ਕੇ ਸਮੇਂ ਸਿਰ ਆਪਣੀ ਟੈਸਟਿੰਗ ਕਰਵਾਉਣ ਅਤੇ ਲੋੜ ਪੈਣ ‘ਤੇ ਹਸਪਤਾਲ ‘ਚ ਦਾਖਲ ਹੋਣ। ਉਨ੍ਹਾਂ ਮੌਕੇ ‘ਤੇ ਮੌਜੂਦ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਨੂੰ ਠੱਲ ਪਾਉਣ ਲਈ ਸਹਿਯੋਗ ਦੇਣ ਤਾਂ ਜੋ ਲੋਕ ਸਮੇਂ ਸਿਰ ਟੈਸਟ ਕਰਵਾ ਕੇ ਕੋਵਿਡ ‘ਤੇ ਫ਼ਤਿਹ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਵੀ ਬੁਖ਼ਾਰ, ਖੰਘ ਹੁੰਦੀ ਹੈ ਅਤੇ ਉਸਨੂੰ ਕੋਵਿਡ ਦਾ ਸ਼ੱਕ ਪੈਂਦਾ ਹੈ ਤਾਂ ਉਹ ਤੁਰੰਤ ਆਪਣਾ ਟੈਸਟ ਕਰਵਾਏ, ਕਿਉਂਜੋ ਸਰਕਾਰੀ ਸੰਸਥਾਵਾਂ ‘ਚ ਟੈਸਟਿੰਗ ਦੀ ਕੋਈ ਫੀਸ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਵਿਡ ਵਿੱਚ ਮੌਤ ਦਾ ਵੱਡਾ ਕਾਰਨ ਮਰੀਜਾਂ ਦਾ ਦੇਰੀ ਨਾਲ ਹਸਪਤਾਲਾਂ ‘ਚ ਪੁੱਜਣਾ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਸਾਹਮਣੇ ਆਇਆ ਹੈ, ਜਿਸ ਲਈ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਅਫ਼ਵਾਹਾਂ ਨੂੰ ਦਰਕਿਨਾਰ ਕਰਦੇ ਹੋਏ ਆਪਣੀ ਜਿੰਦਗੀ ਬਚਾਉਣ ਵੱਲ ਧਿਆਨ ਦੇਈਏ। ਮੀਡੀਆ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ‘ਚ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਕੋਵਿਡ ਮਰੀਜ ਦੀ ਮੌਤ ਹੋਣ ਉਪਰੰਤ ਉਸਦਾ ਸਾਮਾਨ ਵਾਰਸਾਂ ਤੱਕ ਸੁਰੱਖਿਅਤ ਪੁੱਜਦਾ ਕਰਨਾ ਸਬੰਧਤ ਮੈਡੀਕਲ ਸੁਪਰਡੈਂਟ ਦੀ ਜਿੰਮੇਵਾਰੀ ਹੈ ਅਤੇ ਜੇਕਰ ਇਸ ਸਬੰਧੀਂ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕੀਤੀ ਜਾ ਸਕਦੀ ਹੈ। ਇਕ ਹੋਰ ਸਵਾਲ ਦੇ ਜਵਾਬ ‘ਚ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰੀ ਰਾਜਿੰਦਰ ਹਸਪਤਾਲ ‘ਚ ਐਮਰਜੈਂਸੀ ਸੇਵਾਵਾਂ ਨਿਰੰਤਰ ਜਾਰੀ ਹਨ ਪਰੰਤੂ ਕੁਝ ਸਮਾਂ ਟਾਲੇ ਜਾ ਸਕਣ ਵਾਲੀਆਂ ਸਰਜਰੀਆਂ ਹੀ ਕੁਝ ਸਮੇਂ ਲਈ ਅੱਗੇ ਪਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਰਾਜਿੰਦਰ ਹਸਪਤਾਲ ‘ਚ ਜੂਨੀਅਰ ਡਾਕਟਰਾਂ ਦੇ ਨਾਲ-ਨਾਲ ਸੀਨੀਅਰ ਡਾਕਟਰ ਵੀ ਮਰੀਜਾਂ ਦਾ ਨਿਰੀਖਣ ਕਰਦੇ ਹਨ ਜਿਸ ਲਈ ਵੱਡੀ ਪੱਧਰ ‘ਤੇ ਕੋਵਿਡ ਤੋਂ ਪ੍ਰਭਾਵਤ ਠੀਕ ਹੋ ਕੇ ਆਪਣੇ ਘਰ ਜਾਂਦੇ ਹੋਏ ਡਾਕਟਰਾਂ ਤੇ ਹੋਰ ਸਿਹਤ ਅਮਲੇ ਦਾ ਧੰਨਵਾਦ ਕਰਕੇ ਜਾਂਦੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਡਾਕਟਰ ਤੇ ਹੋਰ ਸਿਹਤ ਅਮਲੇ ਸਮੇਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਵਿਡ ਖ਼ਿਲਾਫ਼ ਜੰਗ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ 24 ਘੰਟੇ ਨਿਰਵਿਘਨ ਯਤਨ ਕੀਤੇ ਜਾ ਰਹੇ ਹਨ ਪਰੰਤੂ ਇਹ ਯਤਨ ਤਾਂ ਹੀ ਸਫ਼ਲ ਹੋਣਗੇ ਜੇਕਰ ਪੰਜਾਬ ਦੇ ਲੋਕ ਇਸ ‘ਚ ਆਪਣਾ ਸਾਥ ਦੇਣਗੇ। ਪਲਾਜ਼ਮਾ ਬੈਂਕਾਂ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਵਿਖੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੋਵਿਡ ਤੋਂ ਠੀਕ ਹੋਏ ਮਰੀਜਾਂ ਦਾ ਪਲਾਜ਼ਮਾ ਲਿਆ ਜਾਂਦਾ ਹੈ। ਸਰਕਾਰੀ ਮੈਡੀਕਲ ਕਾਲਜਾਂ ‘ਚ ਫੀਸਾਂ ਵਧਾਏ ਜਾਣ ਦੇ ਮੁੱਦੇ ‘ਤੇ ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰੀ ਕਾਲਜਾਂ ਦੀ ਫੀਸ ਲਾਗਤ ਮਾਤਰ ਹੀ ਵਧਾਈ ਗਈ ਹੈ ਜਦੋਂਕਿ ਨਿਜੀ ਮੈਡੀਕਲ ਕਾਲਜਾਂ ਦੀਆਂ ਵਾਧੂ ਫੀਸਾਂ ਘਟਾ ਕੇ ਉਨ੍ਹਾਂ ‘ਚ ਸਮਾਨਤਾ ਵੀ ਲਿਆਂਦੀ ਗਈ ਹੈ, ਇਸ ਲਈ ਇਸ ਮੁੱਦੇ ‘ਤੇ ਵਿਰੋਧੀਆਂ ਦਾ ਪ੍ਰਚਾਰ ਨਿਰਮੂਲ ਹੈ। ਇਸ ਤੋਂ ਪਹਿਲਾਂ ਕੀਤੀ ਮੀਟਿੰਗ ‘ਚ ਸ੍ਰੀ ਓ.ਪੀ. ਸੋਨੀ ਨੇ ਪ੍ਰਿੰਸੀਪਲ ਮੈਡੀਕਲ ਕਾਲਜ ਅਤੇ ਮੈਡੀਕਲ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਕੋਵਿਡ ਨਾਲ ਹੋਣ ਵਾਲੀ ਹਰ ਮੌਤ ਦਾ ਵਿਸਥਾਰਤ ਵਿਸ਼ਲੇਸ਼ਣ ਕੀਤਾ ਜਾਵੇ, ਜਿਸ ‘ਤੇ ਡਾਕਟਰਾਂ ਨੇ ਦਸਿਆ ਕਿ ਇਸ ਸਬੰਧੀਂ ਇੱਕ ਉਚ ਪੱਧਰੀ ਕਮੇਟੀ ਰੋਜ਼ਾਨਾ ਮੀਟਿੰਗ ਕਰਕੇ ਵਿਸ਼ਲੇਸ਼ਣ ਕਰਦੀ ਹੈ, ਜਿਸ ਤੋਂ ਇਹ ਸਾਹਮਣੇ ਆਇਆ ਹੈ ਕਿ ਪਹਿਲੇ 48 ਘੰਟਿਆਂ ‘ਚ ਜੋ ਮੌਤਾਂ ਹੋ ਰਹੀਆਂ ਹਨ, ਉਹ ਮਰੀਜਾਂ ਬਹੁਤ ਹੀ ਗੰਭੀਰ ਹਾਲਤ ‘ਚ ਹਸਪਤਾਲ ਪੁੱਜੇ ਸਨ। ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ, ਕੋਵਿਡ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਪਾਰਸ ਕੁਮਾਰ ਪਾਂਡਵ ਸਮੇਤ ਹੋਰ ਸੀਨੀਅਰ ਡਾਕਟਰ ਵੀ ਮੌਜੂਦ ਸਨ।