ਮੈ ਖੁਦ ਆਪਣੇ ਚਾਚੇ ਡੋਨਾਲਡ ਟਰੰਪ ਦੇ ਮੂੰਹੋਂ ਨਸਲੀ ਭਾਸ਼ਾ ਸੁਣਦੀ ਰਹੀ ਹਾਂ-ਮੈਰੀ ਟਰੰਪ

Mary Trump

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ”ਮੈਂ ਖੁਦ ਆਪਣੇ ਚਾਚੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੂੰਹੋਂ ਨਸਲੀ ਭਾਸ਼ਾ ਸੁਣਦੀ ਰਹੀ ਹਾਂ। ਉਸ ਵੱਲੋਂ ਨਸਲੀ ਭਾਸ਼ਾ ਵਰਤਣਾ ਆਮ ਗੱਲ ਸੀ।” ਇਹ ਪ੍ਰਗਟਾਵਾ ਰਾਸ਼ਟਰਪਤੀ ਦੀ ਭਤੀਜੀ ਮੈਰੀ ਟਰੰਪ ਨੇ ਐੈਮ ਐਸ ਐਨ ਬੀ ਸੀ ‘ਤੇ ਮੇਜਬਾਨ ਰਚੇਲ ਮੈਡੋ ਨਾਲ ਗੱਲਬਾਤ ਕਰਦਿਆਂ ਕੀਤਾ। ਮੈਰੀ ਟਰੰਪ ਅਜ ਕਲ ਆਪਣੀ ਪੁਸਤਕ ” ਟੂ ਮਚ ਐਂਡ ਨੈਵਰ ਇਨਫ਼—ਹੌਅ ਮਾਈ ਫੈਮਿਲੀ ਕਰੀਏਟਿਡ ਦ ਵਰਲਡ’ਜ ਮੋਸਟ ਡੇਂਜਰਸਮੈਨ” ਦੀ ਮਾਰਕੀਟਿੰਗ ਲਈ ਅਮਰੀਕਾ ਦੇ ਦੌਰੇ ‘ਤੇ ਹਨ। ਪੁਸਤਕ ਦੀਆਂ ਹੁਣ ਤੱਕ 10 ਲੱਖ ਕਾਪੀਆਂ ਵਿਕ ਚੁੱਕੀਆਂ ਹਨ। ਇਹ ਪੁਸ਼ਟੀ ਮੈਰੀ ਨੇ ਗੱਲਬਾਤ ਦੌਰਾਨ ਕੀਤੀ। ‘ਰਚੇਲ ਮੈਡੋ ਸ਼ੋਅ’ ਪ੍ਰੋਗਰਾਮ ਦੌਰਾਨ ਜਦੋਂ ਮੇਜਬਾਨ ਨੇ ਪੁੱਛਿਆ ਕਿ ਕੀ ਉਸ ਨੇ ਖੁਦ ਟਰੰਪ ਦੇ ਮੂੰਹੋ ਨਸਲਵਾਦੀ ਸ਼ਬਦ ਜਾਂ ਯਹੂਦੀਆਂ ਵਿਰੋਧੀ ਸ਼ਬਦਾਵਲੀ ਜਾਂ ਹੋਰ ਕਿਸੇ ਤਰਾਂ ਦੇ ਨਸਲੀ ਜਜ਼ਬਾਤ ਸੁਣੇ ਹਨ ਤਾਂ ਮੈਰੀ ਟਰੰਪ ਨੇ ਕਿਹਾ ਹਾਂ ਬਿਲਕੁੱਲ। ਉਸ ਨੇ ਕਿਹਾ ਕਿ ਮੈ ਨਹੀਂ ਸੋਚਦੀ ਕਿ ਕੋਈ ਇਹ ਸੋਚ ਕੇ ਹੈਰਾਨ ਹੋਵੇਗਾ ਕਿ ਉਹ ਅੱਜ ਕਲ ਕਿੰਨਾ ਨਸਲਪ੍ਰਸਤ ਹੈ।

ਮੈਡੋ ਨੇ ਜੋਰ ਦੇ ਕੇ ਕਿਹਾ ”ਵਿਸ਼ੇਸ਼ ਤੌਰ ‘ਤੇ ਯਹੂਦੀਆਂ ਵਿਰੋਧੀ”? ਹਾਂ ਮੈਰੀ ਨੇ ਪੁਸ਼ਟੀ ਕੀਤੀ। ਮੈਰੀ ਨੇ ਕਿਹਾ ਕਿ ” ਉਨਾਂ ਦੇ ਸ਼ਰੀਕੇ ਵਿਚ ਇਸ ਤਰਾਂ ਦੀ ਭਾਸ਼ਾ ਵਰਤਣਾ ਆਮ ਗੱਲ ਸੀ। ਟਰੰਪਾਂ ਦੀ ਪਿਛਲੀ ਪੀੜੀ ਨਸਲਵਾਦੀ ਸੀ। ਅਜਿਹੇ ਵਾਤਾਵਰਣ ਵਿਚ ਨਸਲਵਾਦੀ ਭਾਸ਼ਾ ਦੀ ਵਰਤੋਂ ਲਈ ਮਾਹੌਲ ਸਾਜਗਾਰ ਸੀ। ਇਥੇ ਮੈ ਉਨਾਂ ਦੇ ਨਸਲ ਜਾਂ ਯਹੂਦੀਆਂ ਬਾਰੇ ਵਿਚਾਰ ਸਾਂਝੇ ਨਹੀਂ ਕਰ ਰਹੀ। ਪਰੰਤੂ ਤਸੀਂ ਜਾਣਦੇ ਹੋ ਜਦੋਂ ਤੁਸੀਂ ਇਕ ਸਹੀ ਆਮ ਵਾਤਾਵਰਣ ਵਿਚ ਵੱਡੇ ਹੁੰਦੇ ਹੋ ਤਾਂ ਅਜਿਹੀ ਭਾਸ਼ਾ ਵਰਤਣ ਤੋਂ ਪਹਿਲਾਂ ਦੋ ਵਾਰ ਸੋਚਦੇ ਹੋ।” ਮੈਰੀ ਨੇ ਆਪਣੇ ਚਾਚਾ ਟਰੰਪ ਨੂੰ ਇਕ ਸ਼ਬਦ ਵਿਚ ਸਲਾਹ ਦਿੱਤੀ ਹੈ। ਉਹ ਸ਼ਬਦ ਹੈ ‘ਅਸਤੀਫ਼ਾ’। ਮੈਰੀ ਨੇ ਕਿਹਾ ਕਿ 2016 ਦੀਆਂ ਚੋਣਾਂ ਦੌਰਾਨ ਉਸ ਨੇ ਬੋਲਣ ਤੋਂ ਗੁਰੇਜ ਕੀਤਾ ਕਿਉਂਕਿ ਉਸ ਨੂੰ ਡਰ ਸੀ ਕਿ ਲੋਕ ਉਸ ਨੂੰ ਪਰਿਵਾਰ ਦਾ ਖਫ਼ਾ ਮੈਂਬਰ ਸਮਝਕੇ ਨਕਾਰ ਦੇਣਗੇ ਤੇ ਓਦੋਂ ਉਹ ਸੋਚਦੀ ਸੀ ਕਿ ਰਾਸ਼ਟਰਪਤੀ ਬਣਨ ਉਪਰੰਤ ਟਰੰਪ ਦੇ ਆਲ ਦੁਆਲੇ ਬਹੁਤ ਸਾਰੇ ਕਾਬਲ ਵਿਅਕਤੀ ਹੋਣਗੇ ਜੋ ਸਰਕਾਰ ਨੂੰ ਚਲਾਉਣਾ ਜਾਣਦੇ ਹਨ। ਉਹ ਲੋਕ ਸਾਨੂੰ ਉਸ ਦੇ ਬੁਰੇ ਪ੍ਰਭਾਵ ਤੋਂ ਬਚਾਅ ਲੈਣਗੇ ਪਰ ਸਪਸ਼ਟ ਤੌਰ ‘ਤੇ ਮੇਰਾ ਅਜਿਹਾ ਸੋਚਣਾ ਗਲਤ ਸੀ।” ਮੈਰੀ ਨੇ ਕਿਹਾ ਕਿ ਸਰਹੱਦਾਂ ਉਪਰ ਤਨਾਅ, ਬੱਚਿਆਂ ਨੂੰ ਉਨਾਂ ਦੇ ਮਾਪਿਆਂ ਤੋਂ ਵੱਖ ਕਰਨਾ, ਤਸ਼ੱਦਦ, ਅਗਵਾ ਤੇ ਉਨਾਂ ਨੂੰ ਪਿੰਜਰਿਆਂ ਵਿਚ ਕੈਦ ਕਰਨਾ ਅਜਿਹੇ ਪਹਿਲੂ ਹਨ ਜਿਨਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਤੇ ਇਸ ਨੂੰ ਸਹਾਰਿਆ ਵੀ ਨਹੀਂ ਜਾ ਸਕਦਾ। ਇਸ ਸਭ ਕੁਝ ਨੇ ਮੈਨੂੰ ਪੁਸਤਕ ਲਿਖਣ ਲਈ ਮਜਬੂਰ ਕੀਤਾ। ਐਮ ਐਸ ਐਨ ਬੀ ਸੀ ਨੇ ਜਦੋਂ ਪ੍ਰਤੀਕਰਮ ਲਈ ਵਾਈਟ ਹਾਊਸ ਨਾਲ ਸੰਪਰਕ ਕੀਤਾ ਤਾਂ ਅਧਿਕਾਰੀਆਂ ਨੇ ਕਿਹਾ ਇਹ ਝੂਠੀ ਸਧਾਰਨ ਪੁਸਤਕ ਹੈ, ਰਾਸ਼ਟਰਪਤੀ ਨੇ ਕਦੀ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ।

Share This :

Leave a Reply