ਪਟਿਆਲਾ (ਅਰਵਿੰਦਰ ਜੋਸ਼ਨ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ, ਵਿਦਿਅਕ ਮੁਕਾਬਲਿਆਂ ਨੂੰ ਰਾਜ ਭਰ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ‘ਚ ਉਲੀਕੇ ਗਏ 11 ਮੁਕਾਬਲਿਆ ਦੀਆਂ ਪੇਸ਼ਕਾਰੀਆਂ ਦਾ ਵਿਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਉਸਤਤ, ਸਿੱਖਿਆਵਾਂ ਤੇ ਕੁਰਬਾਨੀ ‘ਤੇ ਅਧਾਰਤ ਰੱਖਿਆ ਗਿਆ ਹੈ। ਰਾਜ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ 6 ਜੁਲਾਈ ਤੋਂ ਸ਼ੁਰੂ ਕੀਤੇ ਗਏ ਇੰਨਾਂ ਆਨਲਾਈਨ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਤੋਂ ਹੋਈ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਇੰਨਾ ਮੁਕਾਬਲਿਆਂ ਦੇ ਪਹਿਲੇ ਗੇੜ ਤਹਿਤ 11 ਜੁਲਾਈ ਤੱਕ ਵਿਦਿਆਰਥੀ ਕਲਾਕਾਰਾਂ ਵੱਲੋਂ ਸਕੂਲ ਪੱਧਰੀ ਮੁਕਾਬਲੇ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨਾਲ ਸਬੰਧਤ ਸ਼ਬਦ ਗਾਇਨ ਦੀਆਂ ਵੀਡੀਓਜ਼ ਵੱਖ ਵੱਖ ਸੋਸ਼ਲ ਮੀਡੀਆ ਸਾਧਨਾਂ ‘ਤੇ ਅਪਲੋਡ ਕੀਤੀਆਂ ਜਾ ਰਹੀਆਂ ਹਨ। ਜਿੰਨਾਂ ਦਾ ਮੁਲਾਂਕਣ ਕਰਕੇ 12 ਜੁਲਾਈ ਨੂੰ ਸਕੂਲ ਪੱਧਰ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਇਹ ਮੁਕਾਬਲੇ 6 ਵਰਗਾਂ ‘ਚ ਹੋ ਰਹੇ ਹਨ ਜਿੰਨ੍ਹਾਂ ‘ਚ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਵਿੰਗ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵੀ ਵੱਖਰੇ ਤੌਰ ‘ਤੇ ਤਿੰਨੇ ਵਰਗਾਂ ‘ਚ ਆਪਣੀ ਕਲਾਂ ਦਿਖਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਉਕਤ ਅਧਿਕਾਰੀਆਂ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ 65 ਵਿਦਿਆਰਥੀਆਂ ਨੇ ਆਪਣੀਆਂ ਵੀਡੀਓਜ਼ ਅਪਲੋਡ ਕਰ ਦਿੱਤੀਆਂ ਹਨ। ਇਸ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ (ਸੈਕੰਡਰੀ) ਪ੍ਰਿੰਸੀਪਲ ਰਜਨੀਸ਼ ਗੁਪਤਾ ਤੇ ਸਹਾਇਕ ਨੋਡਲ ਅਫ਼ਸਰ ਰਣਜੀਤ ਸਿੰਘ ਧਾਲੀਵਾਲ, ਐਲੀਮੈਂਟਰੀ ਵਿੰਗ ਦੇ ਨੋਡਲ ਅਫ਼ਸਰ ਮਨਵਿੰਦਰ ਕੌਰ ਡਿਪਟੀ ਡੀ.ਈ.ਓ. ਤੇ ਸਹਾਇਕ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੀ ਖੂਬੀ ਹੈ ਇਹ ਹੈ ਕਿ ਵਿਦਿਆਰਥੀ ਘਰਾਂ ‘ਚ ਬੈਠੇ ਹੀ ਆਨਲਾਈਨ ਵਿਦਿਅਕ ਮੁਕਾਬਲਿਆਂ ‘ਚ ਹਿੱਸਾ ਲੈ ਰਹੇ ਹਨ। ਵਿਦਿਆਰਥੀਆਂ ਨੂੰ ਨਾਲੋ-ਨਾਲ ਹੀ ਖੂਬਸੂਰਤ ਸਰਟੀਫਿਕੇਟ ਆਨਲਾਈਨ ਮੁਹੱਈਆ ਕਰਵਾਏ ਜਾ ਰਹੇ ਹਨ।