ਪੁਲਿਸ ਮੁਕਾਬਲੇ ਵਿਚ ਮਾਰੇ ਗਏ ਡੈਨੀਅਲ ਪਰੂਡ ਮਾਮਲੇ ਦੀ ਜਾਂਚ ‘ਗਰੈਂਡ ਜਿਊਰੀ’ ਕਰੇਗੀ-ਅਟਾਰਨੀ ਜਨਰਲ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਟੀਆ ਜੇਮਜ ਨੇ ਐਲਾਨ ਕੀਤਾ ਹੈ ਕਿ ਡੈਨੀਅਲ ਪਰੂਡ ਦੀ ਪੁਲਿਸ ਨਾਲ ਝੜਪ ਵਿਚ ਹੋਈ ਮੌਤ ਦੀ ਜਾਂਚ ਲਈ ‘ਗਰੈਂਡ ਜਿਊਰੀ’ ਦਾ ਗਠਨ ਕੀਤਾ ਜਾਵੇਗਾ। ਡੈਨੀਅਲ ਮਾਰਚ ਵਿਚ ਰੋਚੈਸਟਰ, ਨਿਊਯਾਰਕ ਵਿਚ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ ਸੀ। ਪਰੰਤੂ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਹਫ਼ਤੇ ਦੇ ਸ਼ੁਰੂ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤੇ ਸਨ ਤੇ ਨਿਆਂ ਦੀ ਮੰਗ ਕੀਤੀ ਸੀ।

ਵੀਡੀਓ ਵਿਚ ਪੁਲਿਸ ਅਧਿਕਾਰੀਆਂ ਨੇ ਡੈਨੀਅਲ ਨੂੰ ਜ਼ਮੀਨ ਉਪਰ ਸੁੱਟਿਆ ਹੋਇਆ ਹੈ ਤੇ ਉਸ ਦੇ ਹੱਥ ਪਿੱਛੇ ਬੰਨੇ ਹੋਏ ਹਨ। ਇਕ ਪੁਲਿਸ ਅਧਿਕਾਰੀ ਉਸ ਦੇ ਸਿਰ ਉਪਰ ਇਕ ਥੈਲੀ ਪਾ ਦਿੰਦਾ ਹੈ ਜੋ ਗਰਦਨ ਤੱਕ ਉਸ ਦੇ ਮੂੰਹ ਨੂੰ ਢਕ ਲੈਂਦੀ ਹੈ। ਜਦੋਂ ਉਹ ਰੌਲਾ ਪਾਉਂਦਾ ਹੈ ਤਾਂ ਪੁਲਿਸ ਅਧਿਕਾਰੀ ਉਸ ਨੂੰ ਨੱਪ ਲੈਂਦੇ ਹਨ। ਪਰੂਡ ਨੇ ਕੁਝ ਚਿਰ ਬਾਅਦ ਸਾਹ ਲੈਣਾ ਬੰਦ ਕਰ ਦਿੱਤਾ ਸੀ । ਹਸਪਤਾਲ ਵਿਚ ਡਾਕਟਰਾਂ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਉਸ ਦਾ ਦਿਮਾਗ ਮਰ ਚੁੱਕਾ ਹੈ। ਇਕ ਹਫ਼ਤੇ ਬਾਅਦ ਡੈਨੀਅਲ ਦਮ ਤੋੜ ਗਿਆ ਸੀ। ਅਟਾਰਨੀ ਜਨਰਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪਰੂਡ ਪਰਿਵਾਰ ਤੇ ਰੋਚੈਸਟਰ ਸਮਾਜ ਵਿਚ ਦੁੱਖ ਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸ ਲਈ ਮੇਰੇ ਦਫਤਰ ਵੱਲੋਂ ਮਾਮਲੇ ਦੀ ਡੰਘਾਈ ਨਾਲ ਜਾਂਚ ਲਈ ਤੁਰੰਤ ਕਦਮ ਚੁੱਕੇ ਗਏ ਹਨ।

Share This :

Leave a Reply