ਗੋਲਫ ਸਟਾਰ ਟਾਈਗਰ ਵੁੱਡਜ਼ ਕਾਰ ਹਾਦਸੇ ‘ਚ ਹੋਏ ਗੰਭੀਰ ਜ਼ਖਮੀ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਗੋਲਫ ਸਟਾਰ ਟਾਈਗਰ ਵੁੱਡਜ਼ ਮੰਗਲਵਾਰ ਨੂੰ ਲਾਸ ਏਂਜਲਸ ਵਿੱਚ ਹੋਏ ਕਾਰ ਹਾਦਸੇ ਨਾਲ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ। ਇਸ ਹਾਦਸੇ ਵਿੱਚ ਸੱਟਾਂ ਲੱਗਣ ਤੋਂ ਬਾਅਦ ਵੁੱਡਜ਼ ਦੀ ਐਮਰਜੈਂਸੀ ਸਰਜਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਮੌਕੇ 45 ਸਾਲਾ ਗੋਲਫ ਖਿਡਾਰੀ ਕਾਰ ਵਿੱਚ ਇਕੱਲਾ ਹੀ ਸੀ। ਵੁੱਡਜ਼ ਦੇ ਟਵਿੱਟਰ ਅਕਾਉਂਟ ‘ਤੇ ਬੁੱਧਵਾਰ ਸਵੇਰੇ ਪੋਸਟ ਕੀਤੇ ਬਿਆਨ ਅਨੁਸਾਰ ਵੁੱਡਜ਼ ਸੱਜੀ ਲੱਤ ਦੇ ਹੇਠਲੇ ਪਾਸੇ ਅਤੇ ਗਿੱਟੇ ਦੀ ਸਰਜੀਕਲ ਪ੍ਰਕ੍ਰਿਆ ਤੋਂ ਬਾਅਦ ਠੀਕ ਹੋ ਰਹੇ ਹਨ।ਲਾਸ ਏਂਜਲਸ ਕਾਉਂਟੀ ਦੇ ਪੁਲਿਸ ਅਧਿਕਾਰੀਆਂ ਦੱਸਿਆ ਕਿ ਮੰਗਲਵਾਰ ਸਵੇਰੇ ਹੋਏ ਹਾਦਸੇ ਵਿੱਚ ਵੁੱਡਜ਼ ਦੀ ਕਾਰ ਲਾਸ ਏਂਜਲਸ ਦੇ ਇੱਕ ਪਹਾੜੀ ਖੇਤਰ ਵਿੱਚ ਪਲਟ ਗਈ।

ਹਾਦਸੇ ਉਪਰੰਤ ਵੁੱਡਜ਼ ਕਾਰ ਅੰਦਰ ਫਸਿਆ ਹੋਇਆ ਸੀ, ਜਿਸ ਨੂੰ ਵਿੰਡਸ਼ੀਲਡ ਖੋਲ੍ਹ ਕੇ ਬਾਹਰ ਕੱਢਿਆ ਗਿਆ। ਸਥਾਨਕ ਅਧਿਕਾਰੀਆਂ ਦੁਆਰਾ ਇਸ ਗੋਲਫਰ ਨੂੰ ਹਾਰਬਰ-ਯੂ ਸੀ ਐਲ ਏ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿਥੇ ਉਸ ਨੂੰ ਐਮਰਜੈਂਸੀ ਸਰਜਰੀ ਦੀ ਜਰੂਰਤ ਸੀ। ਫਲੋਰਿਡਾ ਦਾ ਰਹਿਣ ਵਾਲਾ ਵੁੱਡਜ਼ ਲਾਸ ਏਂਜਲਸ ਵਿੱਚ ਆਪਣੇ ਸਲਾਨਾ ਗੋਲਫ ਟੂਰਨਾਮੈਂਟ, ਜੀਨੇਸਿਸ ਇਨਵਾਈਟੇਸ਼ਨਲ ਦੀ ਮੇਜ਼ਬਾਨੀ ਕਰਨ ਲਈ ਗਏ ਸਨ। ਵੁੱਡਜ਼ ਨੂੰ ਸਰਬੋਤਮ ਗੋਲਫਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਨੇ 82 ਕਰੀਅਰ ਪੀ ਜੀ ਏ ਟੂਰ ਜਿੱਤੇ ਹਨ, ਜਿਨ੍ਹਾਂ ਵਿੱਚ 15 ਪ੍ਰਮੁੱਖ ਚੈਂਪੀਅਨਸ਼ਿਪਾਂ ਸ਼ਾਮਿਲ ਹਨ। ਇਸ ਹਾਦਸੇ ਸੰਬੰਧੀ ਪੇਸ਼ੇਵਰ ਗੋਲਫਰ, ਐਥਲੀਟ ਅਤੇ ਮਸ਼ਹੂਰ ਹਸਤੀਆਂ, ਜਿਨ੍ਹਾਂ ਵਿੱਚ ਜੈਕ ਨਿਕਲੌਸ, ਐਲੈਕਸ ਰੋਡਰਿਗਜ਼ ਅਤੇ ਮੈਜਿਕ ਜਾਨਸਨ ਆਦਿ ਨੇ ਵੁੱਡਜ਼ ਨੂੰ ਸ਼ੁਭ ਕਾਮਨਾਵਾਂ ਭੇਜੀਆਂ ਹਨ।

Share This :

Leave a Reply