ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਅਤੇ ਸਬੰਧਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਨਾਏ ਜਾ ਰਹੇ ਪੋਸ਼ਣ ਮਾਹ ਤਹਿਤ ਅੱਜ ਕਿ੍ਰਸ਼ੀ ਵਿਗਿਆਨ ਕੇਂਦਰ, ਲੰਗੜੋਆ ਦੇ ਸਹਿਯੋਗ ਨਾਲ ਇਕ ਸਾਂਝਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਸੜੋਆ ਜਸਵਿੰਦਰ ਕੌਰ ਅਤੇ ਆਂਗਨਵਾੜੀ ਵਰਕਰਾਂ ਦੀ ਹਾਜ਼ਰੀ ਵਿਚ ਵੱਖ-ਵੱਖ ਤਰਾਂ ਦੀਆਂ ਸਬਜ਼ੀਆਂ ਦੇ ਬੀਜ਼ਾਂ ਦੀਆਂ 40 ਕਿਚਨ ਗਾਰਡਨ ਕਿੱਟਾਂ ਮੁਫ਼ਤ ਵੰਡੀਆਂ ਗਈਆਂ।
ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਸਤੰਬਰ ਮਹੀਨੇ ਮਨਾਏ ਜਾਂਦੇ ਪੋਸ਼ਣ ਮਾਹ ਤਹਿਤ ਇਸ ਵਾਰ ਵਿਭਾਗ ਵੱਲੋਂ ਕੁਪੋਸ਼ਿਤ ਬੱਚਿਆਂ ਦੀ ਪਹਿਚਾਣ ਕਰ ਕੇ ਉਨਾਂ ਨੂੰ ਹਰ ਤਰਾਂ ਦਾ ਮੈਡੀਕਲ ਇਲਾਜ ਅਤੇ ਖ਼ੁਰਾਕ ਰਾਹੀਂ ਤੰਦਰੁਸਤ ਕਰਨਾ ਮੁੱਖ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਿਊਟਰੀ ਗਾਰਡਨ/ਕਿਚਨ ਗਾਰਡਨ ਲਈ ਵੱਧ ਤੋਂ ਵੱਧ ਘਰਾਂ, ਆਂਗਨਵਾੜੀ ਸੈਂਟਰਾਂ ਅਤੇ ਸਕੂਲਾਂ ਵਿਚ ਫ਼ਲਦਾਰ ਬੂਟੇ ਅਤੇ ਸਬਜ਼ੀਆਂ ਦੀ ਉਪਜ ਨਾਲ ਬੱਚਿਆਂ ਅਤੇ ਮਾਵਾਂ ਨੂੰ ਚੰਗੀ ਖ਼ੁਰਾਕ ਦੇ ਕੇ ਖ਼ੂਨ ਦੀ ਕਮੀ ਤੋਂ ਬਚਣ ਲਈ ਇਹ ਉਪਰਾਲੇ ਜਾਰੀ ਹਨ। ਇਸ ਮਿਸ਼ਨ ਵਿਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਹੋਰ ਵਿਭਾਗ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਮਨੋਜ ਸ਼ਰਮਾ, ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ, ਡਾ. ਕਿਰਨ ਦੇਵਗਨ, ਡਾ. ਬਲਜੀਤ ਸਿੰਘ, ਡਾ. ਆਰਤੀ ਵਰਮਾ, ਮੈਡਮ ਰੇਨੂੰ ਬਾਲਾ ਤੇ ਹੋਰ ਹਾਜ਼ਰ ਸਨ।