
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਰਸ਼ਪਾਲ ਸਿੰਘ ਰਾਜੂ ਵੱਲੋਂ ਨਵਾਂਸ਼ਹਿਰ ਦੇ ਵਾਸੀ 20 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੁਆਰਾ ਕੀਤੀ ਗਈ ਆਤਮ-ਹੱਤਿਆ ਤੇ ਦੁੱਖ ਦਾ ਪ੍ਰਗਟਾਵਾ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਦੋਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਆਮ ਲੋਕਾਂ ਨਾਲ ਬਹੁਤ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਘਟਨਾਵਾਂ ਨੇ ਦੇਸ ਵਾਸੀਆਂ ਦੇ ਮਨਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ। ਇਹਨਾਂ ਘਟਨਾਵਾਂ ਦਾ ਜ਼ਿਕਰ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ। ਜਿਸ ਨਾਲ ਆਮ ਜਨਤਾ ਦੇ ਦਿਲਾਂ ਚ ਸਹਿਮ ਪੈਦਾ ਹੋਇਆ। ਜਿਸ ਕਰਕੇ ਆਮ ਜਨਤਾ ਦਾ ਸਿਹਤ ਵਿਭਾਗ ਤੋਂ ਵਿਸ਼ਵਾਸ਼ ਖਤਮ ਹੁੰਦਾ ਜਾ ਰਿਹਾ ਹੈ। ਲੋਕ ਕੋਵਿਡ-19 ਸੈਂਟਰਾਂ ਵਿਚ ਜਾਣ ਤੋਂ ਕੰਨੀ ਕਤਰਾਉਣ ਲੱਗੇ। ਅਜਿਹੇ ਹੀ ਹਾਲਾਤਾਂ ਦਾ ਸ਼ਿਕਾਰ ਨਵਾਂਸ਼ਹਿਰ ਦਾ ਨੌਜਵਾਨ ਕੁਲਵਿੰਦਰ ਵੀ ਹੋਇਆ ਜਿਸ ਦੀ ਮਾਤਾ ਪ੍ਰੋਮਿਲਾ ਦੇਵੀ ਨੂੰ ਕੋਰੋਨਾ ਪੋਜਿਟਿਵ ਹੋਣ ਤੇ ਕੋਵਿਡ ਸੈਂਟਰ ਭੇਜਿਆ ਗਿਆ।
ਉਪਰੋਕਤ ਹਾਲਾਤ ਦੇ ਪ੍ਰਭਾਵ ਹੇਠ ਆਪਣੀ ਮਾਤਾ ਦੀ ਗ਼ੈਰਹਾਜ਼ਰੀ ਵਿਚ ਕੁਲਵਿੰਦਰ ਨੇ ਆਤਮ ਹੱਤਿਆ ਕਰ ਲਈ। ਸ੍ਰੀ ਰਾਜੂ ਨੇ ਦੁੱਖ ਪ੍ਰਗਟ ਕਰਦੇ ਕਿਹਾ ਇਹ ਘਟਨਾ ਪਰਿਵਾਰ ਦੇ ਨਾਲ-ਨਾਲ ਸਮਾਜ ਲਈ ਵੀ ਦੁਖਦਾਈ ਹੈ। ਜਨਤਾ ਦੇ ਪ੍ਰਸ਼ਾਸ਼ਨ ਤੋਂ ਉੱਠ ਰਹੇ ਵਿਸ਼ਵਾਸ਼ ਨੂੰ ਕਾਇਮ ਕਰਨ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਜਿਸ ਨਾਲ ਲੋਕਾਂ ਦਾ ਵਿਸ਼ਵਾਸ਼ ਜਿਤਿਆ ਜਾ ਸਕੇ ਪਰ ਜਿਲਾ ਸ਼ਹੀਦ ਭਗਤ ਸਿੰਘ ਦਾ ਪ੍ਰਸ਼ਾਸ਼ਨ ਤਾਂ ਸਰਕਾਰ ਦਾ ਖ਼ਜ਼ਾਨਾ ਭਰਨ ਵਿੱਚ ਲੱਗਿਆ ਹੋਇਆ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਨਾਂ ਹੇਠ ਪੁਲਿਸ ਧੜਾ-ਧੜ ਚਲਾਣ ਕੱਟਣ ਤੇ ਲੱਗੀ ਹੋਈ ਹੈ। ਜਿਸ ਨਾਲ ਲੋਕਾਂ ਵਿਚ ਪ੍ਰਸ਼ਾਸ਼ਨ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। ਇਸ ਮੌਕੇ ਮੱਖਣ ਲਾਲ ਚੌਹਾਨ, ਬਜ਼ੁਰਗ ਆਗੂ ਹਰੀ ਕਿਸ਼ਨ ਬਾਲੀ, ਧਰਮਵੀਰ ਬੱਬੂ,ਪਾਲ ਚੰਦ, ਨਿੱਕੂ ਰਾਮ ਜਨਾਗਲ,ਕੁਲਵਿੰਦਰ ਦਰੀਆਪੁਰ, ਕੁਲਦੀਪ ਰਾਜ,ਮੁਕੇਸ਼ ਕੁਮਾਰ ਬਾਲੀ, ਮੀਕਾ ਗੰਗੜ, ਸੋਨੂੰ ਲੱਧੜ, ਸੰਦੀਪ ਸਹਿਜਲ ਆਦਿ ਹਾਜ਼ਰ ਸਨ।