ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਸੂਬੇ ਅਰਕਨਸਾਸ ਵਿੱਚ ਇੱਕ ਸਾਬਕਾ ਡਾਕਟਰ ਨੂੰ ਆਪਣੇ ਕਿੱਤੇ ਵਿੱਚ ਲਾਪ੍ਰਵਾਹੀ ਵਰਤਣ ਅਤੇ ਮਰੀਜ਼ਾਂ ਦਾ ਗਲਤ ਇਲਾਜ ਕਰਨ ਕਰਕੇ ਕੈਦ ਦੀ ਸਜਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਫਾਇਟਵਿਲੇ ‘ਚ ਵੈਟਰਨਜ਼ ਹਸਪਤਾਲ ਦੇ ਇੱਕ ਸਾਬਕਾ ਪੈਥੋਲੋਜਿਸਟ 54 ਸਾਲਾ ਰਾਬਰਟ ਮੌਰਿਸ ਲੇਵੀ ਨੂੰ ਸ਼ੁੱਕਰਵਾਰ ਦੇ ਦਿਨ ਅਦਾਲਤ ਦੁਆਰਾ ਇੱਕ ਮਰੀਜ਼ ਦੀ ਇਲਾਜ ਦੌਰਾਨ ਕੀਤੀ ਕੁਤਾਹੀ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਦੋਸ਼ੀ ਮੰਨਦਿਆਂ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸੰਬੰਧੀ ਸਰਕਾਰੀ ਵਕੀਲਾਂ ਅਨੁਸਾਰ ਲੇਵੀ ਨੇ ਇੱਕ ਮਰੀਜ਼ ਦਾ ਲਿਮਫੋਮਾ ਬਿਮਾਰੀ ਨਾਲ ਸੰਬੰਧਿਤ ਇਲਾਜ ਕੀਤਾ ਜਦੋਂ ਕਿ ਮਰੀਜ਼ ਅਸਲ ਵਿੱਚ ਇੱਕ ਸਮਾਲ ਸੈੱਲ ਕਾਰਸਿਨੋਮਾ ਨਾਮਕ ਬਿਮਾਰੀ ਤੋਂ ਪੀੜਤ ਸੀ।
ਇਸ ਦੇ ਬਾਅਦ ਲੇਵੀ ਨੇ ਮਰੀਜ਼ ਦਾ ਝੂਠਾ ਮੈਡੀਕਲ ਰਿਕਾਰਡ ਬਣਾਇਆ ਜਿਸ ਨਾਲ ਰਿਪੋਰਟ ਦੇ ਆਧਾਰ ਤੇ ਇੱਕ ਦੂਜਾ ਪੈਥੋਲੋਜਿਸਟ ਵੀ ਉਸੇ ਇਲਾਜ ਸਹਿਮਤ ਹੋਇਆ ਅਤੇ ਬਾਅਦ ਵਿੱਚ ਮਰੀਜ਼ ਦੀ ਮੌਤ ਹੋ ਗਈ ਸੀ। ਇਸਦੇ ਇਲਾਵਾ ਲੇਵੀ ਨੂੰ ਮਿਥਾਈਲ ਅਤੇ ਬੂਟਾਨੋਲ ਦੀ ਵਰਤੋਂ ਲਈ ਵੀ ਦੋਸ਼ੀ ਪਾਇਆ ਗਿਆ ਹੈ, ਜਿਹਨਾਂ ਦੀ ਵਰਤੋਂ ਉਹ ਨਸ਼ੇ ਲਈ ਕਰਦਾ ਸੀ। ਅਧਿਕਾਰੀਆਂ ਨੇ ਲੇਵੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਡਾਕਟਰ ਦੁਆਰਾ ਇਲਾਜ ਕੀਤੇ ਗਏ ਲੱਗਭਗ 34,000 ਕੇਸਾਂ ਵਿੱਚੋਂ 3000 ਤੋਂ ਵੱਧ ਮਾਮਲਿਆਂ ਵਿੱਚ ਗਲਤੀਆਂ ਕੀਤੀਆਂ ਗਈਆਂ ਹਨ । ਇਸਦੇ ਇਲਾਵਾ ਸੁਣਵਾਈ ਦੌਰਾਨ ਅਦਾਲਤ ਨੂੰ ਦਿੱਤੇ ਇੱਕ ਬਿਆਨ ਵਿਚ ਲੇਵੀ ਨੇ ਆਪਣੇ ਕੰਮਾਂ ਲਈ ਮੁਆਫੀ ਮੰਗੀ ਹੈ।