ਸਮਾਰਟ ਫੋਨ ਵਿਦਿਆਰਥੀਆਂ ਦੀ ਪੜ੍ਹਾਈ ‘ਚ ਨਿਭਾਉਣਗੇ ਅਹਿਮ ਭੂਮਿਕਾ-ਧਰਮਸੋਤ
ਨਾਭਾ (ਤਰੁਣ ਮਹਿਤਾ) ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਸ. ਧਰਮਸੋਤ ਅੱਜ ਨਾਭਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਭਾਈ ਕਾਨ੍ਹ ਸਿੰਘ ਨਾਭਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 16 ਵਿਦਿਆਰਥੀ ਲੜਕੇ-ਲੜਕੀਆਂ ਨੂੰ ਮੁੱਖ ਮੰਤਰੀ ਵੱਲੋਂ ਅਰੰਭ ਕੀਤੀ ਗਈ ਸਮਾਰਟ ਕੁਨੈਕਟ ਸਕੀਮ ਤਹਿਤ ਮੋਬਾਇਲ ਫੋਨ ਵੰਡਣ ਪੁੱਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 12ਵੀਂ ਜਮਾਤ ਦੇ 13962 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ।
ਸ. ਧਰਮਸੋਤ ਨੇ ਇਸ ਮੌਕੇ ਕਿਹਾ ਕਿ ਪੰਜਾਬ ਭਰ ‘ਚ 1.74 ਲੱਖ ਵਿਦਿਆਰਥੀਆਂ ਨੂੰ ਕਰੀਬ 92 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਫੋਨ ਦੇਣ ਦੀ ਸਕੀਮ ਮੁੱਖ ਮੰਤਰੀ ਵੱਲੋਂ ਦਲੇਰੀ ਨਾਲ ਲਿਆ ਫੈਸਲਾ ਹੈ, ਕਿਉਂਕਿ ਕੋਰੋਨਾ ਦੇ ਸਮੇਂ ਜਿੱਥੇ ਇੱਕ ਪਾਸੇ ਰਾਜ ਸਰਕਾਰ ਦੇ ਖ਼ਰਚੇ ਵਧੇ ਹੋਏ ਹਨ, ਉਥੇ ਹੀ ਮਾਲੀਆ ਵੀ ਕਾਫ਼ੀ ਘਟਿਆ ਹੋਇਆ ਹੈ। ਸ. ਧਰਮਸੋਤ ਨੇ ਕਿਹਾ ਕਿ ਇਸ ਸਕੀਮ ਨਾਲ ਰਾਜ ਦੀ ਸਿੱਖਿਆ ਪ੍ਰਣਾਲੀ ‘ਚ ਇੱਕ ਨਵੀਂ ਕ੍ਰਾਂਤੀ ਆਵੇਗੀ, ਕਿਉਂਕਿ ਇਹ ਸਮਾਰਟ ਫੋਨ ਵਿਦਿਆਰਥੀਆਂ ਦੀ ਪੜ੍ਹਾਈ ‘ਚ ਅਹਿਮ ਭੂਮਿਕਾ ਨਿਭਾਏਗਾ।ਇਸ ਤੋਂ ਪਹਿਲਾਂ ਦੋਵੇਂ ਸਕੂਲਾਂ ਦੇ ਪ੍ਰਿੰਸੀਪਲਾਂ ਡਾ. ਨਰਿੰਦਰ ਸਿੰਘ ਅਤੇ ਰਮਨਦੀਪ ਸਿੰਘ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਤੋਂ ਸ. ਧਰਮਸੋਤ ਨੂੰ ਜਾਣੂ ਕਰਵਾਇਆ। ਪ੍ਰਿੰਸੀਪਲ ਨੇ ਦੱਸਿਆ ਕਿ 497 ਅਤੇ 237 ਮੋਬਾਇਲ ਪ੍ਰਤੀ ਸਕੂਲ ਹੋਰ ਆਉਣਗੇ ਅਤੇ ਇਹ ਵੀ ਜਲਦੀ ਹੀ ਵਿਦਿਆਰਥੀਆਂ ਨੂੰ ਵੰਡ ਦਿੱਤੇ ਜਾਣਗੇ।ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ, ਸ. ਧਰਮਸੋਤ ਦੇ ਨਿਜੀ ਸਕੱਤਰ ਸ. ਕਾਬਲ ਸਿੰਘ, ਪੀਏ ਚਰਨਜੀਤ ਬਾਤਿਸ਼, ਨਰਿੰਦਜੀਤ ਭਾਟੀਆ, ਹਰੀ ਕ੍ਰਿਸ਼ਨ ਸੇਠ, ਪੰਕਜ ਪੱਪੂ, ਅਨਿਲ ਰਾਣਾ, ਠੇਕੇਦਾਰ ਦਰਸ਼ਨ ਸਿੰਘ, ਕਸ਼ਮੀਰ ਲਾਲਕਾ, ਸਲੀਮ ਮੁਹੰਮਤ, ਦੋਵੇਂ ਸਕੂਲਾਂ ਦੇ ਅਧਿਆਪਕ, ਰਮਨਪ੍ਰੀਤ ਕੌਰ, ਗੁਰਦੀਪ ਸਿੰਘ ਸੇਖੋਂ ਸਮੇਤ ਵਿਦਿਆਰਥੀ ਵੀ ਮੌਜੂਦ ਸਨ।






















