ਪਟਿਆਲਾ (ਅਰਵਿੰਦਰ ਜੋਸ਼ਨ) ਮੱਛੀ ਪਾਲਣ ਵਿਭਾਗ ਨੇ ਪਾਬੰਦੀ ਸ਼ੁਦਾ ਥਾਈ ਮੰਗੂਰ ਮੱਛੀ ਰੱਖਣ ਵਾਲੇ ਮੱਛੀ ਵਿਕਰੇਤਾਵਾਂ ‘ਤੇ ਕਾਰਵਾਈ ਕਰਦਿਆ ਪਾਬੰਦੀ ਸ਼ੁਦਾ ਮੱਛੀ ਨੂੰ ਫੜਕੇ ਨਸ਼ਟ ਕੀਤਾ ਅਤੇ ਵਿਕਰੇਤਾਵਾਂ ਨੂੰ ਜੁਰਮਾਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਡਾ. ਮਦਨ ਮੋਹਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆ ਪਟਿਆਲਾ ਦੇ ਵੱਖ-ਵੱਖ ਸਥਾਨਾਂ ‘ਤੇ ਛਾਪੇਮਾਰੀ ਕਰਕੇ ਪਾਬੰਦੀ ਸ਼ੁਦਾ ਥਾਈ ਮੰਗੂਰ ਮੱਛੀ ਨੂੰ ਫੜਿਆ ਗਿਆ ਹੈ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਮੱਛੀ ਪ੍ਰਸਾਰ ਅਫ਼ਸਰ ਸ੍ਰੀ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਵੱਲੋਂ ਜਿਸ ਵਿੱਚ ਮੱਛੀ ਪਾਲਣ ਅਫ਼ਸਰ ਮਿਸ ਨਰਿੰਦਰ ਕੌਰ, ਸ੍ਰੀ ਬਲਦੇਵ ਸਿੰਘ ਸ੍ਰੀ ਰਾਜਿੰਦਰ ਸਿੰਘ, ਸ੍ਰੀ ਗੁਰਮੀਤ ਸਿੰਘ ਅਤੇ ਸ੍ਰੀ ਗੁਰਪ੍ਰੀਤ ਸਿੰਘ ਸ਼ਾਮਲ ਸਨ ਵੱਲੋਂ ਮੱਛੀ ਮਾਰਕੀਟ ਨੇੜੇ ਸਟੇਟ ਲਾਇਬਰੇਰੀ ਅਤੇ ਨੇੜੇ ਤੇਜਬਾਗ ਕਲੋਨੀ ਵਿਖੇ ਰੇਡ ਕਰਕੇ 40 ਕਿਲੋ ਪਾਬੰਦੀ ਸ਼ੁਦਾ ਥਾਈ ਮੰਗੂਰ ਮੱਛੀ ਫੜੀ ਹੈ। ਉਨ੍ਹਾਂ ਦੱਸਿਆ ਕਿ ਮੱਛੀ ਮਾਰਕੀਟ ਨੇੜੇ ਸਟੇਟ ਲਾਇਬਰੇਰੀ ਕੋਲੋ 25 ਕਿਲੋ ਅਤੇ ਤੇਜਬਾਗ ਕਲੋਨੀ ਤੋਂ 15 ਕਿਲੋ ਮੱਛੀ ਫੜੀ ਗਈ ਹੈ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਫੜੀ ਗਈ ਮੱਛੀ ਨੂੰ ਨਗਰ ਨਿਗਮ ਦੇ ਸਹਿਯੋਗ ਨਾਲ ਦੇਵੀਗੜ੍ਹ ਰੋਡ ਪਟਿਆਲਾ ਵਿਖੇ ਡੰਪਿੰਗ ਗਰਾਊਂਡ ਵਿਖੇ ਟੋਆ ਪੁੱਟਕੇ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਮੱਛੀ ਵਿਕਰੇਤਾਵਾਂ ਪਾਸੋਂ ਪਾਬੰਦੀ ਸ਼ੁਦਾ ਮੱਛੀ ਮਿਲੀ ਹੈ ਉਨ੍ਹਾਂ ਨੂੰ 1500 ਰੁਪਏ ਜੁਰਮਾਨਾ ਕੀਤਾ ਗਿਆ ਹੈ।