ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫਸਟ ਲੇਡੀ ਮੇਲਾਨੀਆ ਟਰੰਪ ਨੇ ਆਪਣੇ ਵਿਦਾਇਗੀ ਸੰਦੇਸ਼ ਵਿਚ ਵਾਇਟ ਹਾਊਸ ਵਿਚ ਬਿਤਾਏ ਨਾ ਭੁਲਾਏ ਜਾ ਸਕਣ ਵਾਲੇ 4 ਸਾਲਾਂ ਦੀ ਗੱਲ ਕੀਤੀ ਹੈ ਤੇ ਅਮਰੀਕਨਾਂ ਨੂੰ ਕਿਹਾ ਹੈ ਕਿ ਉਹ ਪਿਆਰ ਦੇ ਰਸਤੇ ਦੀ ਚੋਣ ਕਰਨ।
ਜੋਅ ਬਾਇਡੇਨ ਵੱਲੋਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਦੋ ਦਿਨ ਪਹਿਲਾਂ ਤਕਰੀਬਨ 7 ਮਿੰਟਾਂ ਦੇ ਵੀਡੀਓ ਵਿਦਾਇਗੀ ਸੰਦੇਸ਼ ਵਿਚ ਮੇਲਾਨੀਆ ਨੇ 2017 ਵਿਚ ਵਾਇਟ ਹਾਊਸ ਵਿਚ ਆਉਣ ਤੋਂ ਬਾਅਦ ਜਿਨ੍ਹਾਂ ਵੀ ਲੋਕਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ, ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪਿਛਲੇ 4 ਸਾਲਾਂ ਦਾ ਸਮਾਂ ਮੇਰੇ ਚੇਤੇ ਵਿਚ ਵੱਸ ਗਿਆ ਹੈ ਇਸ ਨੂੰ ਭੁਲਾਇਆ ਨਹੀਂ ਜਾ ਸਕਦਾ। ਡੋਨਲਡ ਤੇ ਮੈ ਵਾਈਟ ਹਾੳੂਸ ਵਿਚ ਆਪਣਾ ਸਮਾਂ ਪੂਰਾ ਕਰ ਲਿਆ ਹੈ, ਮੈ ਇਸ ਸਮੇ ਦੌਰਾਨ ਸਾਡੇ ਨਾਲ ਜੁੜੇ ਰਹੇ ਸਾਰੇ ਲੋਕਾਂ ਦੀਆਂ ਯਾਦਾਂ ਆਪਣੇ ਦਿਲ ਵਿਚ ਲੈ ਕੇ ਜਾ ਰਹੀ ਹਾਂ। ਇਹ ਯਾਦਾਂ ਪਿਆਰ ਦੀਆਂ ਕਹਾਣੀਆਂ, ਦੇਸ਼ ਭਗਤੀ ਤੇ ਦ੍ਰਿੜਤਾ ਨਾਲ ਜੁੜੀਆਂ ਹੋਈਆਂ ਹਨ। ਪ੍ਰਥਮ ਔਰਤ ਨੇ ਕੋਰੋਨਾ ਮਹਾਮਾਰੀ ਦੇ ਰਾਸ਼ਟਰ ਉਪਰ ਪਏ ਪ੍ਰਭਾਵ ਦੀ ਗੱਲ ਕਰਦਿਆਂ ਸਿਹਤ ਸੰਭਾਲ ਕਰਮਚਾਰੀਆਂ ਤੇ ਟਰੱਕ ਡਰਾਈਵਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਜਾਨਾਂ ਬਚਾਉਣ ਵਿਚ ਅਹਿਮ ਭੂਮਿਕਾਵਾਂ ਨਿਭਾਈਆਂ। ਸਪਸ਼ਟ ਤੌਰ ’ਤੇ 6 ਜਨਵਰੀ ਨੂੰ ਕੈਪੀਟਲ ਹਿੱਲ ਵਿਚ ਹੋਈ ਹਿੰਸਾ ਵੱਲ ਇਸ਼ਾਰਾ ਕਰਦਿਆਂ ਮੇਲਾਨਿਆ ਨੇ ਅਮਰੀਕਨਾਂ ਨੂੰ ਕਿਹਾ ਹੈ ਹਮੇਸ਼ਾਂ ਯਾਦ ਰਖੋ ਹਿੰਸਾ ਕਿਸੇ ਵੀ ਗੱਲ ਦਾ ਜਵਾਬ ਨਹੀਂ ਹੈ ਤੇ ਹਿੰਸਾ ਨੂੰ ਕਦੀ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।