ਖੰਨਾ (ਪਰਮਜੀਤ ਸਿੰਘ ਧੀਮਾਨ) : ਲਾਕ ਡਾਉਨ ਕਾਰਨ ਪੈਦਾ ਹੋਏ ਹਾਲਾਤਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਲੇਬਰ ਦਾ ਵਾਪਸ ਆਪਣੇ ਪਿਤਰੀ ਸੂਬਿਆਂ ਵਿਚ ਚਲੇ ਜਾਣ ਤੋਂ ਬਾਅਦ ਕਿਸਾਨ ਨੇ ਝੋਨੇ ਦੀ ਬਿਜਾਈ ਲਈ ਨਵੀਂ ਤਕਨੀਕ ਨੂੰ ਅਪਣਾਉਂਦੇ ਹੋਏ ਵੱਟਾਂ ਉਪਰ ਅਤੇ ਮਸ਼ੀਨ ਰਾਹੀਂ ਸਿੱਧੀ ਬਿਜਾਈ ਕਰਨ ਨੂੰ ਤਰਜ਼ੀਹ ਦੇ ਰਹੇ ਹਨ। ਖੰਨਾ ਨੇੜਲੇ ਪਿੰਡ ਫਤਿਹਗੜ੍ ਨਿਊਆਂ ਦੇ ਅਗਾਂਹਵਧੂ ਕਿਸਾਨ ਗੁਰਿੰਦਰ ਸਿੰਘ ਬੈਂਸ ਨੇ ਵੱਟਾਂ ‘ਤੇ ਝੋਨਾ ਲਗਾਇਆ ਹੈ ਅਤੇ ਇਸੇ ਤਰ੍ਹਾਂ ਹੀ ਡਰਿੱਲ ਮਸ਼ੀਨ ਨਾਲ ਕਣਕ ਵਾਂਗ ਹੀ ਝੋਨੇ ਦੀ ਸਿੱਧੀ ਬਜਾਈ ਸ਼ੁਰੂ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਗੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਡਾ. ਦਲੇਰ ਸਿੰਘ ਵੱਲੋਂ ਇਜਾਦ ਕੀਤੀ ਇਸ ਤਕਨੀਕ ਨਾਲ ਇਕ ਤਾਂ ਕੱਦੂ ਨਹੀਂ ਕਰਨਾ ਪੈਂਦਾ, ਦੂਸਰਾ ਬਹੁਤ ਜਲਦ ਇਸ ਨੂੰ ਲਗਾਇਆ ਜਾ ਸਕਦਾ ਹੈ, ਇਨ੍ਹਾਂ ਹੀ ਨਹੀਂ ਲੋਕਲ ਲੇਬਰ ਵੀ ਇਸ ਤਕਨੀਕ ਨਾਲ ਝੋਨਾ ਲਗਾਉਣ ਨੂੰ ਤਰਜ਼ਹੀ ਦੇਣ ਲੱਗੇ ਹਨ।ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਜਿੱਥੇ ਪਾਣੀ ਅਤੇ ਬਿਜਲੀ ਦੀ ਬਚਤ ਹੁੰਦੀ ਹੈ, ਉਥੇ ਹੀ ਸਮਾਂ ਵੀ ਘੱਟ ਲੱਗਦਾ ਹੈ।
ਉਨ੍ਹਾਂ ਦੱਸਿਆ ਕਿ ਵੱਟਾਂ ਦੀ ਬਿਜਾਈ ਕਰਨ ਨਾਲ ਪਾਣੀ ਦੀ ਪੱਧਰ ਵੀ ਨਹੀਂ ਘੱਟ ਦਾ ਅਤੇ ਨਾ ਹੀ ਇਸ ਤਰ੍ਹਾਂ ਤਿੱਲੇ ਦੀ ਸਮੱਸਿਆ ਵੀ ਘੱਟ ਹੁੰਦੀ ਹੈ ਅਤੇ ਪਨੀਰੀ ਵੀ ਛੋਟੀ ਹੁੰਦੀ ਹੈ ਲਾਉਣ ਤੋਂ ਬਾਅਦ ਜਲਦ ਚੱਲ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇਕ ਏਕੜ ਵਿਚ 64000 ਬੂਟਾ ਲੱਗਦਾ ਹੈ, ਭਾਵੇਂ ਕਿ ਯੂਨੀਵਰਸਿਟੀ ਦੀ ਰਾਇ ਅਨੁਸਾਰ ਘੱਟ ਹੈ, ਇਸ ਤਰ੍ਹਾਂ ਕਰਨ ਨਾਲ ਫਸਲ ਦਾ ਝਾੜ ਵੀ ਕਾਫ਼ ਵੱਧ ਜਾਂਦਾ ਹੈ। ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਫਸਲ ਵਿਚ ਨਦੀਨ ਦੇ ਖਾਤਮੇ ਲਈ ਦਵਾਈ ਸਮੇਂ-ਸਮੇਂ ‘ਤੇ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੰਥੇ ਬਿਜਾਈ ਦਾ ਖਰਚਾ ਘੱਟਦਾ ਹੈ, ਉਥੇ ਹੀ ਵੱਡਮੁੱਲੇ ਕੁਦਰਤੀ ਸ੍ਰੋਤ ਪਾਣੀ ਦੀ ਬਚਤ ਹੁੰਦੀ ਹੈ।ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 10 ਤੋਂ 15 % ਪਾਣੀ ਦੀ ਬਚਤ ਹੁੰਦੀ ਹੈ। ਅੱਜ ਦੇ ਸਮੇਂ ਪਾਣੀ ਦੀ ਕਿੱਲਤ ਨਾਲ ਜਦੋਂ ਸਾਰਾ ਸੰਸਾਰ ਜੂਝ ਰਿਹਾ ਹੈ, ਅਜਿਹੇ ਹਾਲਾਤਾਂ ਵਿਚ ਪਾਣੀ ਦੀ ਬਚਤ ਕਰਨੀ ਬਹੁਤ ਜਰੂਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਸਿੱਧੀ ਬਿਜਾਈ ਸਮੇਂ ਖੇਤ ਤਰ ਵੱਤਰ ਕਰਨ ਉਪਰੰਤ ਲੇਜ਼ਰ ਕਰਾਹ ਲੱਗਾ ਕੇ ਪੱਧਰਾਂ ਕਰ ਲਿਆ ਜਾਂਦਾ ਹੈ। ਸਿੱਧੀ ਬਿਜਾਈ ਉਪਰੰਤ ਪੈਂਡੀਮੈਥਲੀਨ ਇਕ ਲੀਟਰ ਦਾ ਛਿੜਕਾ 200 ਲੀਟਰ ਪਾਣੀ ਪ੍ਰਤੀ ਏਕੜ ਵਿਚ ਵਰਤਣ ਅਤੇ ਛਿੜਕਾਅ ਸ਼ਾਮ ਵੇਲੇ ਹੀ ਕਰਨ ਨਾਲ ਲਾਭ ਹੁੰਦਾ ਹੈ। ਇਸ ਮੌਕੇ ਪ੍ਰਵਾਸੀ ਮਜ਼ਦੂਰ ਦੀ ਟੋਲੀ ਦੇ ਨੰਬਰਦਾਰ ਰਕੇਸ਼ ਕੁਮਾਰ ਨੇ ਦੱਸਿਆ ਕਿ ਲਾਕ ਡਾਉੂਨ ਦੌਰਾਨ ਭਾਵੇਂ ਪਹਿਲਾਂ ਪਹਿਲ ਉਨ੍ਹਾਂ ਨੂੰ ਦਿੱਕਤ ਜ਼ਰੂਰ ਆਈ ਸੀ, ਪਰ ਉਨ੍ਹਾਂ ਨੇ ਫਸਲ ਦੀ ਬਿਜਾਈ ਕਰਨ ਉਪਰੰਤ ਹੀ ਵਾਪਸ ਜਾਣ ਦਾ ਫੈਸਲ ਲਿਆ। ਉਨ੍ਹਾਂ ਦੱਸਿਆ ਕਿ ਵੱਟਾਂ ‘ਤੇ ਝੋਨੇ ਦੀ ਬਿਜਾਈ ਕਰਨ ਨਾਲ ਇਕ ਤਾਂ ਸਮਾਂ ਘੱਟ ਲੱਗਦਾ ਹੈ ਦੂਸਰਾ ਕੱਦੂ ਵਾਲੀ ਫਸਲ ਤੋਂ ਇਸ ਤਰ੍ਹਾਂ ਝੋਨਾ ਲਗਾਉਣਾ ਸੁਖਾਲਾ ਵੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਸਹਿਯੋਗ ਮਿਲ ਰਿਹਾ ਹੈ। ਇਸ ਮੌਕ ਕਿਸਾਨ ਮੋਹਣ ਸਿੰਘ ਬੈਂਸ, ਤਰਨਦੀਪ ਸਿੰਘ ਆਦਿ ਵੀ ਹਾਜ਼ਰ ਸਨ।