ਸਮਾਣਾ/ਪਟਿਆਲਾ (ਅਰਵਿੰਦਰ ਜੋਸ਼ਨ) ਕੋਵਿਡ-19 ਦੀ ਮਹਾਂਮਾਰੀ ਖ਼ਿਲਾਫ਼ ਜੰਗ ਨੂੰ ਸੂਬੇ ਭਰ ‘ਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਦੀ ਕਾਮਯਾਬੀ ਲਈ ਮਾਲ ਵਿਭਾਗ ਵੱਲੋਂ ਸਰਗਰਮੀਆਂ ਨੂੰ ਹੋਰ ਤੇਜ ਕਰਦਿਆਂ ਤਹਿਸੀਲਦਾਰ ਸਮਾਣਾ ਸ. ਸੰਦੀਪ ਸਿੰਘ ਨੇ ਨਾਇਬ ਤਹਿਸੀਲਦਾਰ ਸ੍ਰੀ ਕੇ.ਸੀ. ਦੱਤਾ ਅਤੇ ਸਮਾਣਾ ਸਰਕਲ ਦੇ ਪਟਵਾਰੀਆਂ ਨਾਲ ਮੀਟਿੰਗ ਕੀਤੀ।
ਸ. ਸੰਦੀਪ ਸਿੰਘ ਨੇ ਸਮੂਹ ਪਟਵਾਰੀਆਂ ਨੂੰ ਕਿਹਾ ਕਿ ਉਹ ਆਪਣੇ ਕੋਲ ਆਉਣ ਵਾਲੇ ਆਮ ਲੋਕਾਂ ਸਮੇਤ ਉਹ ਖ਼ੁਦ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਫੋਨਾਂ ‘ਚ ਕੋਵਾ ਐਪ ਡਾਊਨਲੋਡ ਜਰੂਰ ਕਰਨ। ਉਨ੍ਹਾਂ ਇਸ ਮੌਕੇ ਕਰਫਿਊ ਅਤੇ ਲਾਕਡਾਊਨ ਦੌਰਾਨ ਪਟਵਾਰੀਆਂ ਵੱਲੋਂ ਨਿਭਾਈ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ।
ਸ. ਸੰਦੀਪ ਸਿੰਘ ਨੇ ਕਿਹਾ ਕਿ ਪਟਵਾਰੀਆਂ ਦਾ ਆਮ ਲੋਕਾਂ ਨਾਲ ਸਿੱਧਾ ਰਾਬਤਾ ਹੁੰਦਾ ਹੈ, ਇਸ ਲਈ ਉਹ ਜਿੱਥੇ ਖ਼ੁਦ ਆਪਸੀ ਵਿੱਥ, ਮਾਸਕ ਪਹਿਨਣ, ਹੱਥ ਧੋਣ ਅਤੇ ਖੁੱਲ੍ਹੇ ਵਿੱਚ ਨਾ ਥੁੱਕਣ ਦੇ ਨਿਯਮਾਂ ਦੀ ਪਾਲਣਾਂ ਕਰਨ ਉਥੇ ਹੀ ਆਪਣੇ ਇਲਾਕਿਆਂ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਇਸ ਤੋਂ ਸਮਾਣਾ ਸਰਕਲ ਦੇ 67 ਪਿੰਡਾਂ ਵਿੱਚ ਨੰਬਰਦਾਰਾਂ ਤੇ ਸਰਪੰਚਾਂ ਰਾਹੀਂ ਬਾਹਰੀ ਰਾਜਾਂ ਜਾਂ ਵਿਦੇਸ਼ਾਂ ਤੋਂ ਆਉਣ ਵਾਲਿਆਂ ਬਾਰੇ ਜਾਣਕਾਰੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਨਿਰਧਾਰਤ ਸਮੇਂ ਲਈ ਇਕਾਂਤਵਾਸ ਕਰਨਾ ਯਕੀਨੀ ਬਣਾਇਆ ਜਾਵੇ।
ਤਹਿਸੀਲਦਾਰ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਭੋਗਾਂ, ਵਿਆਹਾਂ ਅਤੇ ਹੋਰ ਸਮਾਗਮਾਂ ਮੌਕੇ ਕੋਈ ਇਕੱਠ ਨਾ ਕੀਤਾ ਅਤੇ ਗ਼ੈਰਜਰੂਰੀ ਆਵਾਜਾਈ ਤੋਂ ਵੀ ਗੁਰੇਜ਼ ਕੀਤਾ ਜਾਵੇ। ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਤਾਜਾ ਹੁਕਮਾਂ ਅਤੇ ਹਦਾਇਤਾਂ ਦਾ ਵੀ ਪਾਲਣ ਕੀਤਾ ਜਾਵੇ।
ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਕੇ.ਸੀ. ਦੱਤਾ ਅਤੇ ਸਮੂਹ ਸਰਕਲ ਪਟਵਾਰੀ ਮੌਜੂਦ ਸਨ ਅਤੇ ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਉਹ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦਾ ਖ਼ੁਦ ਪਾਲਣ ਕਰਨਗੇ ਅਤੇ ਨਾਲ ਹੀ ਲੋਕਾਂ ਨੂੰ ਵੀ ਜਾਗਰੂਕ ਕਰਨਗੇ।
2020-06-23