ਆਸਟ੍ਰੇਲੀਆ ਵਿੱਚ ਪੰਜਾਬੀ ਨੁੱਕੜ ਲਾਇਬ੍ਰੇਰੀਆਂ ਦੀ ਸਥਾਪਨਾ

ਬਕਸੇ ਹੋਣਗੇ ਕਿਤਾਬਾਂ ਦੀ ਮੁਫ਼ਤ ਲਾਇਬ੍ਰੇਰੀ

ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਤੋਂ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਪੰਜਾਬੀ ਸਾਹਿਤ ਦੇ ਘਰੋਂ-ਘਰੀਂ ਪਸਾਰੇ ਲਈ ਨੁੱਕੜ ਪੰਜਾਬੀ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਲਾਇਬ੍ਰੇਰੀਆਂ ਕਿਸੇ ਰਵਾਇਤੀ ਬੰਦ ਕਮਰੇ ਜਾਂ ਕਿਸੇ ਪ੍ਰਬੰਧਕੀ ਢਾਂਚੇ ਤੋਂ ਮੁਕਤ ਸਾਹਿਤ ਪ੍ਰੇਮੀਆਂ ਦੇ ਘਰਾਂ ਦੇ ਬਾਹਰ ਲਾਂਘੇ ‘ਚ ਬਕਸੇਨੁਮਾ ਰੂਪ ‘ਚ ਖੋਲੀਆਂ ਗਈਆਂ ਹਨ। ਜਿੱਥੋਂ ਪਾਠਕ ਆਸਾਨੀ ਨਾਲ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਲਈ ਲੈ ਕੇ ਜਾ ਸਕਦੇ ਹਨ। ਸੰਸਥਾ ਨੇ ਸਾਂਝੇ ਰੂਪ ‘ਚ ਦੱਸਿਆ ਕਿ ਇਸ ਨਿਵੇਕਲੇ ਸਾਹਤਿਕ ਉਪਰਾਲੇ ਨਾਲ ਪੰਜਾਬੀ ਸਾਹਿਤ ਹੱਥੋਂ-ਹੱਥੀਂ ਸਾਹਿਤ ਪ੍ਰੇਮੀਆਂ ਕੋਲ ਪਹੁੰਚਦਾ ਹੋਵੇਗਾ ਅਤੇ ਵਿਦੇਸ਼ਾਂ ‘ਚ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਨਾਲ ਸਿੱਧਿਆਂ ਜੋੜਨਾ ਸੰਭਵ ਹੋਵੇਗਾ। ਸੰਸਥਾ ਵੱਲੋਂ ਇਹਨਾਂ ਲਾਇਬ੍ਰੇਰੀਆਂ ਵਿੱਚ ਸਾਹਿਤ ਦੀਆਂ ਤਕਰੀਬਨ ਹਰ ਸ਼੍ਰੇਣੀ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਸਮੁੱਚੇ ਪੰਜਾਬੀ ਭਾਈਚਾਰੇ ਅਤੇ ਵਿਦੇਸ਼ੀ ਭਾਈਚਾਰਿਆਂ ਵੱਲੋਂ ਇਸ ਵਿਲੱਖਣ ਕਾਰਜ ਦੀ ਪ੍ਰਸੰਸਾ ਹੋ ਰਹੀ ਹੈ। ਸੰਸਥਾ ਦਾ ਕਹਿਣਾ ਹੈ ਕਿ ਸਮੁੱਚਾ ਭਾਈਚਾਰਾ ਵਿਅਕਤੀਗਤ ਤੌਰ ‘ਤੇ ਇਹਨਾਂ ਲਾਇਬ੍ਰੇਰੀਆਂ ਲਈ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦਾਨ ਕਰਕੇ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ ਅਤੇ ਕਿਤਾਬਾਂ ਦੀ ਚੋਣ ਲਈ ਸੁਝਾਅ ਵੀ ਦੇ ਸਕਦੇ ਹਨ। ਸੰਸਥਾ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਵੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਦੇ ਪਾਸਾਰ ਲਈ ਹੋਰ ਕਾਰਗਰ ਉਪਰਾਲੇ ਕੀਤੇ ਜਾਣਗੇ। ਇਸ ਸਮੇਂ ਹਰਮਨਦੀਪ ਗਿੱਲ, ਵਰਿੰਦਰ ਅਲੀਸ਼ੇਰ, ਹਰਦੀਪ ਵਾਗਲਾ, ਬਲਵਿੰਦਰ ਮੋਰੋਂ, ਸੁਖਜਿੰਦਰ ਸਿੰਘ, ਮਨ ਖਹਿਰਾ, ਜਗਜੀਤ ਖੋਸਾ ਆਦਿ ਨੇ ਸ਼ਮੂਲੀਅਤ ਕੀਤੀ।

Share This :

Leave a Reply