ਚੋਣ ਡਿਊਟੀ ਨਿਭਾਅ ਚੁੱਕੇ ਅਧਿਆਪਕਾਂ ਦੇ ਹੋਣਗੇ ਲੇਖ ਮੁਕਾਬਲੇ

ਲੇਖ ਮੁਕਾਬਲਿਆਂ ਸਬੰਧੀ ਇਲੈਕਟਰੇਸੀ ਕਲੱਬਾਂ ਦੇ ਕਨਵੀਨਰਾਂ ਨਾਲ ਕੀਤੀ ਗਈ ਗੂਗਲ ਮੀਟ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਮਿਤੀ 5 ਸਤੰਬਰ ਨੂੰ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਦੇ ਮੌਕੇ ’ਤੇ ਟੀਚਿੰਗ ਸਟਾਫ ਦੇ ਲੇਖ ਮੁਕਾਬਲੇ ਕਰਵਾਏ ਜਾਣਗੇ। ਇਹ ਲੇਖ ਮੁਕਾਬਲੇ ਤਿੰਨ ਵਿਸ਼ਿਆਂ ’ਤੇ ਹੋਣਗੇ, ਜਿਨਾਂ ਵਿਚ ਚੋਣ ਡਿਊਟੀ ਦੌਰਾਨ ਤਜ਼ਰਬਾ, ਚੋਣ ਡਿਊਟੀ ਨੂੰ ਸੁਖਦ ਬਣਾਉਣ ਲਈ ਸੁਝਾਅ ਅਤੇ ਕੋਵਿਡ-19 ਦੌਰਾਨ ਚੋਣ ਡਿਊਟੀ ਕਰਨ ਵਿਚ ਆਉਣ ਵਾਲੀਆਂ ਚੁਨੌਤੀਆਂ ਸ਼ਾਮਿਲ ਹਨ। ਇਸ ਸਬੰਧੀ ਜ਼ਿਲੇ ਦੇ ਸਵੀਪ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਦੀ ਰਹਿਨੁਮਾਈ ਹੇਠ ਜ਼ਿਲੇ ਦੇ ਵੱਖ-ਵੱਖ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਵਿਚ ਸਥਾਪਿਤ ਇਲੈਕਟਰੋਸੀ ਕਲੱਬਾਂ ਦੇ ਕਨਵੀਨਰਾਂ ਨਾਲ ਕੀਤੀ ਗਈ ਗੂਗਲ ਮੀਟ ਦੌਰਾਨ ਜ਼ਿਲਾ ਸਹਾਇਕ ਨੋਡਲ ਅਫ਼ਸਰ ਸਤਨਾਮ ਸਿੰਘ ਨੇ ਦੱਸਿਆ ਕਿ ਸਮੂਹ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕ, ਜੋ ਪਹਿਲਾਂ ਚੋਣ ਡਿਊਟੀ ਨਿਭਾਅ ਚੁੱਕੇ ਹਨ, ਇਸ ਲੇਖ ਮੁਕਾਬਲੇ ਵਿਚ ਭਾਗ ਲੈ ਸਕਦੇ ਹਨ। ਉਨਾਂ ਵੱਲੋਂ ਲਿਖੇ 500 ਸ਼ਬਦਾਂ ਦੇ ਲੇਖ ਵਿਧਾਨ ਸਭਾ ਹਲਕਾ ਪੱਧਰ ’ਤੇ ਨਿਯੁਕਤ ਸਵੀਪ ਨੋਡਲ ਅਫ਼ਸਰ ਨੂੰ ਭੇਜੇ ਜਾਣਗੇ ਅਤੇ ਜ਼ਿਲੇ ਦੇ ਤਿੰਨੋਂ ਵਿਧਾਨ ਸਭਾ ਚੋਣ ਹਲਕਿਆਂ ਵਿਚੋਂ ਉੱਤਮ ਰਹਿਣ ਵਾਲੇ ਪਹਿਲੇ ਤਿੰਨ ਲੇਖ ਸੂਬਾ ਪੱਧਰ ’ਤੇ ਸਨਮਾਨ ਕਰਨ ਲਈ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਭੇਜੇ ਜਾਣਗੇ। ਇਨਾਂ ਲੇਖ ਮੁਕਾਬਲਿਆਂ ਵਿਚ ਸਰਬੋਤਮ ਰਹਿਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਇਨਾਮ ਦੇ ਨਾਲ-ਨਾਲ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਸ ਮੀਟਿੰਗ ਦੌਰਾਨ ਕੋਵਿਡ-19 ਤੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਕਰੀਬ ਰਹਿ ਰਹੇ ਵਿਅਕਤੀਆਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਸਬੰਧੀ ਪ੍ਰਚਾਰ ਕਰਨ ਲਈ ਵੀ ਕਿਹਾ ਗਿਆ। ਅਧਿਆਪਕਾਂ ਵੱਲੋਂ ਗੂਗਲ ਮੀਟ ਜਾਂ ਜ਼ੂਮ ਐਪ ਰਾਹੀਂ ਲਈਆਂ ਜਾਣ ਵਾਲੀਆਂ ਕਲਾਸਾਂ ਦੌਰਾਨ ਵੀ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਇਸ ਸਬੰਧੀ ਆਗਾਹ ਕਰਨ ਲਈ ਕਿਹਾ ਗਿਆ। ਮੀਟਿੰਗ ਵਿਚ ਚੋਣ ਤਹਿਸੀਲਦਾਰ ਤੋਂ ਇਲਾਵਾ ਤਿੰਨੋਂ ਵਿਧਾਨ ਸਭਾ ਹਲਕਿਆਂ ਵਿਚ ਨਿਯੁਕਤ ਸਵੀਪ ਨੋਡਲ ਅਫ਼ਸਰਾਂ ਨੇ ਵੀ ਭਾਗ ਲਿਆ।

Share This :

Leave a Reply