ਔਖੀ ਘੜੀ ਵੇਲੇ ਪ੍ਰਸ਼ਾਸਨ ਤੇ ਆਮ ਲੋਕਾਂ ਦਾ ਸਾਥ ਦੇ ਡਾ.ਓਬਰਾਏ ਨੇ ਨਿਵੇਕਲੀ ਮਿਸਾਲ ਪੇਸ਼ ਕੀਤੀ : ਬੱਲ
ਅੰਮ੍ਰਿਤਸਰ (ਮੀਡੀਆ ਬਿਊਰੋ) ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਜੂਝ ਰਹੇ ਪ੍ਰਸ਼ਾਸਨ ਤੇ ਆਮ ਲੋਕਾਂ ਦੀ ਮਦਦ ਲਈ ਇੱਕ ਵੱਡੀ ਧਿਰ ਬਣ ਸਾਹਮਣੇ ਆਏ ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਕਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਵਾਲੀ ਸਿਵਲ ਪ੍ਰਸ਼ਾਸਨ ਦੀ ਟੀਮ ਨੂੰ ਵੱਡੀ ਮਾਤਰਾ ‘ਚ ਸਿਹਤ ਸੁਰੱਖਿਆ ਨਾਲ਼ ਸਬੰਧਤ ਲੋੜੀਂਦਾ ਸਮਾਨ ਦੇਣ ਤੋਂ ਇਲਾਵਾ ਮ੍ਰਿਤਕ ਸਰੀਰਾਂ ਦਾ ਅੰਤਿਮ ਸਸਕਾਰ ਕਰਨ ਦੀ ਸੇਵਾ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਮੁਲਾਜ਼ਮ ਤਰਜੀਤ ਸਿੰਘ ਢਿੱਲੋਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮੀਡੀਆ ਸਲਾਹਕਾਰ ਰਵਿੰਦਰ ਸਿੰਘ ਰੌਬਿਨ,ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ,ਵਿੱਤ ਸਕੱਤਰ ਨਵਜੀਤ ਸਿੰਘ ਘਈ ਨੇ ਦੱਸਿਆ ਕਿ ਐਸ.ਡੀ.ਐਮ.ਸ਼ਿਵਰਾਜ ਸਿੰਘ ਬੱਲ ਹੁਰਾਂ ਨੇ ਟਰੱਸਟ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਕਰੋਨਾ ਕਾਰਨ ਜਾਨ ਗੁਆਉਣ ਵਾਲੇ ਬਦਕਿਸਮਤ ਲੋਕਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਵਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਸਿਹਤ ਸੁਰੱਖਿਆ ਨਾਲ ਸਬੰਧਤ ਲੋੜੀਂਦੇ ਸਮਾਨ ਦੀ ਜ਼ਰੂਰਤ ਹੈ। ਜਿਸ ਨੂੰ ਵੇਖਦਿਆਂ ਹੋਇਆਂ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 100 ਪੀ.ਪੀ.ਈ.ਕਿੱਟਾਂ,50 ਐੱਨ-95 ਮਾਸਕ,2 ਹਜ਼ਾਰ ਸਰਜੀਕਲ ਦਸਤਾਨੇ ਅਤੇ ਵੱਖ-ਵੱਖ ਤਰ੍ਹਾਂ ਦਾ 40 ਲੀਟਰ ਸੈਨੇਟਾਈਜ਼ਰ ਭੇਜਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਅੰਮ੍ਰਿਤਸਰ ‘ਚ ਮਹਰੂਮ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਤੋਂ ਇਲਾਵਾ ਬਾਕੀ ਕਰੋਨਾ ਪੀੜਤਾਂ ਦੇ ਮ੍ਰਿਤਕ ਸਰੀਰਾਂ ਦਾ ਅੰਤਿਮ ਸਸਕਾਰ ਕਰਨ ‘ਚ ਮੋਹਰੀ ਭੂਮਿਕਾ ਨਿਭਾ ਕੇ ਇਨਸਾਨੀਅਤ ਦੀ ਇੱਕ ਵੱਖਰੀ ਮਿਸਾਲ ਪੇਸ਼ ਕਰਨ ਵਾਲੇ ਡਿਪਟੀ ਕਮਿਸ਼ਨਰ ਦਫਤਰ ਦੇ ਡਰਾਈਵਰ ਤਰਜੀਤ ਸਿੰਘ ਢਿੱਲੋਂ ਨੂੰ ਵੀ ਟਰੱਸਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਮੌਜੂਦ ਐੱਸ.ਡੀ.ਐੱਮ.ਅੰਮ੍ਰਿਤਸਰ ਸ਼ਿਵਰਾਜ ਸਿੰਘ ਬੱਲ ਨੇ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਹਰੇਕ ਵਰਗ ਦੀ ਸਭ ਤੋਂ ਪਹਿਲਾਂ ਅਤੇ ਦਿਲ ਖੋਲ ਕੇ ਕੀਤੀ ਜਾ ਰਹੀ ਵੱਡੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵੇਲੇ ਵੱਖ-ਵੱਖ ਸਮਿਆਂ ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਾਥ ਦੇਣ ਤੋਂ ਇਲਾਵਾ ਅਜੋਕੇ ਹਲਾਤਾਂ ਕਾਰਨ ਪ੍ਰਭਾਵਿਤ ਹੋਏ ਆਮ ਲੋਕਾਂ ਦੀ ਮਦਦ ਕਰ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।