
ਜ਼ਿਲ੍ਹੇ ’ਚ ਕੋਵਿਡ ਦੇ 13 ਐਕਟਿਵ ਕੇਸ
ਨਵਾਂਸ਼ਹਿਰ ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਹਸਪਤਾਲ ਸ਼ਹੀਦ ਨਵਾਂਸ਼ਹਿਰ ’ਚ ਕੋਵਿਡ-19 ਦਾ ਹੰਗਾਮੀ ਹਾਲਤ ’ਚ ਟੈਸਟ ਕਰਨ ਲਈ ਸਿਹਤ ਵਿਭਾਗ ਵੱਲੋਂ ‘ਟਰੂਨਾਟ’ ਟੈਸਟਿੰਗ ਮਸ਼ੀਨ ਸਥਾਪਿਤ ਕਰ ਦਿੱਤੀ ਗਈ ਹੈ, ਜਿਸ ’ਤੇ ਕੋਵਿਡ ਟੈਸਟ ਇੱਕ ਤੋਂ ਡੇਢ ਘੰਟੇ ’ਚ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਰਾਜ ਦੇ ਜ਼ਿਲ੍ਹਾ ਹਸਪਤਾਲਾਂ ’ਚ ਕੋਵਿਡ ਨਾਲ ਲੜਨ ਲਈ ਢਾਂਚਾਗਤ ਸੁਧਾਰਾਂ ਦੀ ਲੜੀ ’ਚ ਇਹ ਮਸ਼ੀਨ ਸਥਾਪਿਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਐਮਰਜੈਂਸੀ ਹਾਲਤਾਂ ’ਚ, ਅਪਰੇਸ਼ਨ ਵਾਲੇ ਮਰੀਜ਼ਾਂ, ਕਿਸੇ ਦੀ ਮੌਤ ਸਬੰਧੀ ਕੋਵਿਡ ਲੱਛਣਾਂ ਦਾ ਸ਼ੱਕ ਹੋਣ ’ਤੇ ਅਤੇ ਹੈਲਥ ਕੇਅਰ ਵਰਕਰਾਂ ’ਚ ਕੋਵਿਡ ਦੇ ਲੱਛਣ ਆਉਣ ’ਤੇ ਤੁਰੰਤ ਟੈਸਟਾਂ ਲਈ ਖਾਸ ਹਾਲਤਾਂ ’ਚ ਹੀ ਵਰਤੀ ਜਾਵੇਗੀ ਜਦਕਿ ਰੁਟੀਨ ਦੀ ਸੈਂਪਲਿੰਗ ਰੋਜ਼ਾਨਾ ਵਾਂਗ ਪਟਿਆਲਾ ਹੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਅੱਜ ਆਏ ਟੈਸਟਾਂ ’ਚ ਬਿਹਾਰ ਤੋਂ ਆਏ ਇੱਕ ਪ੍ਰਵਾਸੀ ਮਜ਼ਦੂਰ ਦਾ ਨਤੀਜਾ ਪਾਜ਼ਿਟਿਵ ਆਉਣ ਨਾਲ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਲ੍ਹ ਇੱਕ ਅਤੇ ਅੱਜ ਦੋ ਮਰੀਜ਼ਾਂ ਨੂੰ ਸਿਹਤਯਾਬ ਹੋਣ ’ਤੇ ਛੁੱਟੀ ਦਿੱਤੀ ਗਈ। ਪਾਜ਼ਿਟਿਵ ਪਾਇਆ ਗਿਆ ਮਰੀਜ਼ ਬਿਹਾਰ ਤੋਂ ਆਇਆ ਸੀ ਤੇ ਮੁਕੰਦਪੁਰ ’ਚ ਕਿਸੇ ਮੋਟਰ ’ਤੇ ਰਹਿ ਰਿਹਾ ਸੀ।
ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਲਾਈ ਗਈ ਨਵੀਂ ਟੈਸਟਿੰਗ ਮਸ਼ੀਨ ‘ਆਰ ਟੀ ਪੀ ਸੀ ਆਰ’ ਟੈਸਟ ਹੀ ਕਰੇਗੀ, ਜਿਸ ਲਈ ਹਸਪਤਾਲ ’ਚ ਤਾਇਨਾਤ ਮੈਡੀਕਲ ਟੈਕਨੀਸ਼ੀਅਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ‘ਟਰੂਨਾਟ’ ਕੰਪਨੀ ਤੋਂ ਆਏ ਇੰਜੀਨੀਅਰ ਦਵਿੰਦਰ ਕੁਮਾਰ ਵੱਲੋਂ ਲਾਏ ਗਏ ਟ੍ਰੇਨਿੰਗ ਸੈਸ਼ਨ ’ਚ ਡਾਕਟਰ ਸਤਵਿੰਦਰ ਸਿੰਘ, ਡਾਕਟਰ ਵਰਿੰਦਰ, ਡਾਕਟਰ ਰਾਜੇਜ਼, ਐਮ ਐਲ ਬਿੰਦੂ, ਰਵੀ, ਬਲਬੀਰ ਕੁਮਾਰ ਰਾਜੇਸ਼ ਕੁਮਾਰ ਤੇ ਨਵੀਨ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਮਿਸ਼ਨ ਫ਼ਤਿਹ ਦੀ ਪ੍ਰਾਪਤੀ ’ਚ ਬਹੁਤ ਕਾਰਗਰ ਸਿੱਧ ਹੋਵੇਗੀ।





















