ਫਰਿਜ਼ਨੋ ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਨਿਊਯਾਰਕ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਸੋਮਵਾਰ ਦੀ ਰਾਤ ਹੋਈਆਂ ਝੜਪਾਂ ਦੌਰਾਨ ਪੁਲਿਸ ਵੱਲੋਂ 30 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਹਿਰ ਵਿੱਚ ਇਹ ਘਟਨਾ ਸੋਮਵਾਰ ਰਾਤ ਨੂੰ ਸਿਟੀ ਹਾਲ ਪਾਰਕ ਵਿੱਚ ਪੁਲਿਸ ਅਤੇ ਬਲੈਕ ਲਾਈਵਜ਼ ਮੈਟਰ ਦੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ। ਲੋਕਾਂ ਵੱਲੋਂ ਬਰੁਕਲਿਨ ਦੇ ਬਾਰਕਲੇਜ ਸੈਂਟਰ ਵਿੱਚ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਅਤੇ ਬਰੁਕਲਿਨ ਬ੍ਰਿਜ ਪਾਰ ਕਰਨ ਦੇ ਬਾਅਦ ਸਿਟੀ ਹਾਲ ਪਾਰਕ ਪਹੁੰਚਣ ਤੇ ਉਹਨਾਂ ਦਾ ਸਾਹਮਣਾ ਪੁਲਿਸ ਨਾਲ ਹੋਇਆ।
ਵਿਖਾਵਾਕਾਰੀਆਂ ਵੱਲੋਂ ਬਲੈਕ ਲਿਬਰੇਸ਼ਨ ਮਾਰਚ ਦੇ ਨਾਮ ਨਾਲ ਇਹ ਸਮਾਗਮ, ਮਾਰਟਿਨ ਲੂਥਰ ਕਿੰਗ ਡੇਅ ਮਨਾਉਣ ਲਈ ਆਯੋਜਿਤ ਕੀਤਾ ਸੀ। ਨਿਊਯਾਰਕ ਪੁਲਿਸ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਅਧਿਕਾਰੀਆਂ ਤੇ ਬੋਤਲਾਂ ਸੁੱਟਣ ਦੇ ਨਾਲ ਜਾਇਦਾਦ ਦੀ ਵੀ ਭੰਨਤੋੜ ਕੀਤੀ। ਇਸ ਪ੍ਰਦਰਸ਼ਨ ਦੌਰਾਨ ਪੁਲਿਸ ਨੇ 30 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 10 ਅਧਿਕਾਰੀ ਵੀ ਜ਼ਖਮੀ ਹੋਏ। ਇਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਵਿਖਾਵਾਕਾਰੀਆਂ ਨੂੰ ਸੜਕ ਤੋਂ ਪਾਸੇ ਰਹਿ ਕੇ ਆਪਣੀ ਕਾਰਵਾਈ ਕਰਨ ਲਈ ਕਿਹਾ ਅਤੇ ਅਜਿਹਾ ਨਾ ਕਰਨ ਦੀ ਹਾਲਤ ਵਿੱਚ ਗ੍ਰਿਫਤਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ।