ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ– ਫਰਿਜ਼ਨੋ ਦੇ ਲਾਗਲੇ ਸ਼ਹਿਰ ਰੀਡਲੀ ਤੋ ਬੜੀ ਮਾੜੀ ਖ਼ਬਰ ਆ ਰਹੀ ਹੈ, ਇੱਥੋ ਦਾ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ ਕਿੰਗਜ਼ ਰਿਵਰ ਵਿੱਚ ਡੁੱਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆ ਨੂੰ ਬਚਾਉਂਦਾ ਆਪ ਡੁੱਬ ਗਿਆ ਅਤੇ ਜਾਨ ਤੋ ਹੱਥ ਧੋਹ ਬੈਠਾ। ਜਾਣਕਾਰੀ ਮੁਤਾਬਕ ਤਿੰਨ ਬੱਚੇ ਰਿਵਰ ਵਿੱਚੋਂ ਮੱਦਦ ਲਈ ਪੁਕਾਰ ਰਹੇ ਸਨ ਅਤੇ ਮਨਜੀਤ ਸਿੰਘ ਨੇ ਇਹਨਾਂ ਦੀ ਹਾਲ ਦੁਹਾਈ ਸੁਣਕੇ ਕਿੰਗਜ਼ ਰਿਵਰ ਵਿੱਚ ਛਾਲ ਮਾਰ ਦਿੱਤੀ । ਦੋ ਬੱਚਿਆ ਨੂੰ ਇਸ ਨੇ ਸੁਰੱਖਿਅਤ ਬਾਹਰ ਕੱਢ ਲਿਆ ‘ਤੇ ਤੀਸਰੇ ਨੂੰ ਲੱਭਦਾ ਖੁੱਦ ਡੁੱਬ ਗਿਆ ।
ਤੀਜਾ ਬੱਚਾ 15 ਮਿੰਟ ਬਾਅਦ ਲੱਭਾਂ ਜਿਹੜਾ ਵੈਲੀ ਚਿਲਡਰਨਜ਼ ਹਸਪਤਾਲ ਵਿਖੇ ਮੌਤ ਨਾਲ ਲੜਾਈ ਲੜ ਰਿਹਾ ਹੈ।ਮਨਜੀਤ ਸਿੰਘ ਦੋ ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਆਇਆ ਸੀ ਅਤੇ ਹਾਲ ਹੀ ਵਿੱਚ ਫਰਿਜਨੋ ਦੇ ਟਰੱਕ ਡਰਾਈਵਿੰਗ ਸਕੂਲ ਤੋ ਟਰੱਕ ਦਾ ਲਾਈਸੰਸ ਲੈਣ ਲਈ ਕਲਾਸਾਂ ਲਾ ਰਿਹਾ ਸੀ। ਮਨਜੀਤ ਸਿੰਘ ਦੀ ਮੌਤ ਕਾਰਨ ਜਿੱਥੇ ਪੰਜਾਬੀ ਭਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ, ਓਥੇ ਮਨਜੀਤ ਦੇ ਕਾਰਨਾਮੇ ਦੀ ਗੋਰੇ ਵੀ ਸਿਫ਼ਤ ਕਰ ਰਹੇ ਹਨ ‘ਤੇ ਮਨਜੀਤ ਸਿੰਘ ਨੇ ਆਪਣੀ ਜਾਨ ਦੇਕੇ ਪੰਜਾਬੀਆਂ ਦਾ ਨਾਮ ਅਮਰੀਕਨ ਭਾਈਚਾਰੇ ਵਿੱਚ ਉੱਚਾ ਕੀਤਾ ਹੈ।