ਟਰੰਪ ਦੀ ਵਾਇਰਸ ਬਾਰੇ ਗਲਤ ਜਾਣਕਾਰੀ ਫੈਲਾਉਣ ‘ਚ ਮੱਦਦ ਕਰਦੀ ਹੈ ਡਾ ਬ੍ਰਿਕਸ -ਸਪੀਕਰ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਅਮਰੀਕਾ ਵਿਚ ਕੋਰੋਨਾ ਮਾਮਲੇ ਵਧਣ ਦੇ ਮਾਮਲੇ ਵਿਚ ਚੋਟੀ ਦੇ ਸਿਹਤ ਮਾਹਿਰ ਡਾ ਐਨਥਨੀ ਫੌਕੀ ਨਾਲ ਉਲਝ ਪਏ ਹਨ। ਉਨਾਂ ਨੇ ਟਵਿਟਰ ਉਪਰ ਕਿਹਾ ਹੈ ਕਿ ਮਾਮਲੇ ਵਧਣ ਬਾਰੇ ਜੋ ਡਾ ਫੌਕੀ ਦੀ ਧਾਰਨਾ ਹੈ ਉਹ ਗਲਤ ਹੈ। ਕੋਰੋਨਾਵਾਇਰਸ ਬਾਰੇ ਵਾਈਟ ਹਾਊਸ ਦੇ ਕੋਆਰਡੀਨੇਟਰ ਡਾ ਫੌਕੀ ਨੇ ਹਾਲ ਹੀ ‘ਚ ਸਦਨ ਦੇ ਇਕ ਪੈਨਲ ਅੱਗੇ ਕਿਹਾ ਸੀ ਕਿ ਯੂਰਪ ਵਿਚ ਕੋਰੋਨਾ ਮਾਮਲੇ ਘਟਣ ਦਾ ਕਾਰਨ ਇਹ ਹੈ ਕਿ ਉਨਾਂ ਨੇ 95% ਆਪਣੀ ਅਰਥਵਿਵਸਥਾ ਠੱਪ ਕਰ ਦਿੱਤੀ ਸੀ ਜਦ ਕਿ ਅਮਰੀਕਾ ਮਸਾਂ 50% ਤੱਕ ਹੀ ਆਪਣੀਆਂ ਆਰਥਕ ਗਤੀਵਿਧੀਆਂ ਰੋਕ ਸਕਿਆ ਹੈ।
ਰਾਸ਼ਟਰਪਤੀ ਨੇ ਕਿਹਾ ਹੈ ਕਿ ”ਸਿਹਤ ਮਾਹਿਰ ਗਲਤ ਬਿਆਨਬਾਜੀ ਕਰ ਰਹੇ ਹਨ ਅਸਲ ਵਿਚ ਅਸੀਂ ਵਿਸ਼ਵ ਭਰ ਵਿਚ ਸਭ ਤੋਂ ਵਧ ਟੈਸਟ ਕੀਤੇ ਹਨ। ਸਾਡੇ ਟੈਸਟਾਂ ਦੀ ਗਿਣਤੀ 60,00,0,000 ਤੋਂ ਟੱਪ ਗਈ ਹੈ। ਜੇਕਰ ਘੱਟ ਟੈਸਟ ਕੀਤੇ ਹੁੰਦੇ ਤਾਂ ਮਾਮਲਿਆਂ ਦੀ ਗਿਣਤੀ ਵੀ ਘਟ ਹੋਣੀ ਸੀ।”
ਡਾ ਡੇਬੋਰਾਹ ਬ੍ਰਿਕਸ ਟਰੰਪ ਲਈ ਕੰਮ ਕਰਦੀ ਹੈ-ਸਪੀਕਰ
ਅਮਰੀਕੀ ਪ੍ਰਤੀਨਿੱਧ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਵਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਕੋਆਰਡੀਨੇਟਰ ਡਾ ਡੇਬੋਰਾਹ ਬ੍ਰਿਕਸ ਵਿਰੁੱਧ ਤਿੱਖੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਹ ਰਾਸ਼ਟਰਪਤੀ ਟਰੰਪ ਦੀ ਕੋਵਿਡ-19 ਬਾਰੇ ਗਲਤ ਜਾਣਕਾਰੀ ਫੈਲਾਉਣ ਵਿਚ ਮੱਦਦ ਕਰ ਰਹੀ ਹੈ। ਪੈਲੋਸੀ ਨੇ ਏ ਬੀ ਸੀ ਨਿਊਜ਼ ਨਾਲ ਇਕ ਮੁਲਾਕਾਤ ਦੌਰਾਨ ਕਿਹਾ ਕਿ ‘ ਮੇਰਾ ਵਿਚਾਰ ਹੈ ਕਿ ਰਾਸ਼ਟਰਪਤੀ ਵਾਇਰਸ ਬਾਰੇ ਗਲਤ ਜਾਣਕਾਰੀ ਫੈਲਾਅ ਰਹੇ ਹਨ ਤੇ ਡਾ ਬ੍ਰਿਕਸ ਉਸ ਦੀ ਨਿਯੁਕਤ ਕੀਤੀ ਹੋਈ ਹੈ ਇਸ ਲਈ ਮੇਰਾ ਉਸ ਵਿਚ ਭਰੋਸਾ ਨਹੀਂ ਹੈ।” ਹਾਲ ਹੀ ਵਿਚ ਡਾ ਬ੍ਰਿਕਸ ਨੇ ਕਿਹਾ ਸੀ ਕਿ ਨਵੰਬਰ ਤੱਕ ਅਮਰੀਕਾ ਵਿਚ 80 ਹਜਾਰ ਹੋਰ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਬਣ ਸਕਦੇ ਹਨ।
ਇਥੇ ਵਰਣਨਯੋਗ ਹੈ ਕਿ ਡਾ ਬ੍ਰਿਕਸ ਤੇ ਡਾ ਫੌਕੀ ਦੋਨੋ ਹੀ ਫਰਵਰੀ ਤੋਂ ਵਾਇਟ ਹਾਊਸ ਟਾਸਕ ਫੋਰਸ ਵਿਚ ਕੰਮ ਕਰ ਰਹੇ ਹਨ। ਡਾ ਬ੍ਰਿਕਸ ਅਜਿਹੇ ਬਿਆਨ ਦੇਣ ਤੋਂ ਬਚਦੀ ਰਹੀ ਹੈ ਜੋ ਟਰੰਪ ਪ੍ਰਸ਼ਾਸਨ ਨੂੰ ਪਸੰਦ ਨਹੀਂ ਹੈ ਪਰ ਡਾ ਫੌਕੀ ਨਿਰੰਤਰ ਟਰੰਪ ਪ੍ਰਸ਼ਾਸਨ ਦੀ ਕੋਰੋਨਾ ਵਾਇਰਸ ਬਾਰੇ ਪਹੁੰਚ ਨੂੰ ਲੈ ਕੇ ਅਲੋਚਨਾ ਕਰਦੇ ਹਨ।