ਜ਼ਿਲ੍ਹੇ ਵਿਚ 896 ਵਿਅਕਤੀਆਂ ਨੂੰ ਜਨਤਕ ਸਥਾਨਾਂ ’ਤੇ ਥੁੱਕਣਾ ਪਿਆ ਮਹਿੰਗਾ, ਹੋਇਆ ਜੁਰਮਾਨਾ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਰੋਨਾ ਦੇ ਖਤਰੇ ਤੋਂ ਸੁਚੇਤ ਕਰਨ ਦੀ ਕੋਸ਼ਿਸ਼ਾਂ ਦੀਆਂ ਜਾਣ ਬੁੱਝ ਕੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਵੱਲੋਂ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਐਸ.ਐਸ. ਪੀ. ਅਲਕਾ ਮੀਨਾ ਅਨੁਸਾਰ ਕੋਰੋਨਾ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਨਿਯਮਾਂ ’ਚ ਮੂੰਹ ਤੇ ਮਾਸਕ ਪਹਿਨਣਾ ਅਤੇ ਜਨਤਕ ਥਾਂਵਾਂ ’ਤੇ ਬਿਲਕੁਲ ਵੀ ਨਾ ਥੁੱਕਣਾ ਹੈ, ਪਰੰਤੂ ਬਹੁਤ ਸਾਰੇ ਲੋਕ ਇਨ੍ਹਾਂ ਜ਼ਰੂਰੀ ਹਦਾਇਤਾਂ ਨੂੰ ਭੁੱਲ ਕੇ ਫ਼ਿਰ ਗਲਤੀਆਂ ਕਰਦੇ ਹਨ ਅਤੇ ਆਪਣੀਆਂ ਇਨ੍ਹਾਂ ਗਲਤੀਆਂ ਕਾਰਨ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖਤਰੇ ’ਚ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਨੂੰ ਸਮਝਾਉਣ ’ਚ ਅਸਫ਼ਲ ਰਹਿਣ ਬਾਅਦ ਪੁਲਿਸ ਵੱਲੋਂ ਹੁਣ ਇਨ੍ਹਾਂ ਦੇ ਚਲਾਣ ਕਰਨੇ ਸ਼ੁਰੂ ਕਰਨ ਦਿੱਤੇ ਗਏ ਹਨ ਤਾਂ ਜੋ ਉਹ ਆਪਣੀ ਗਲਤੀ ਕਾਰਨ ਲੱਗੇ ਜੁਰਮਾਨੇ ਨੂੰ ਯਾਦ ਰੱਖਦੇ ਹੋਏ ਅੱਗੇ ਤੋਂ ਦੁਬਾਰਾ ਗਲਤੀ ਨਾ ਕਰਨ।

ਉਨ੍ਹਾਂ ਦੱਸਿਆ ਕਿ ਸਭ ਤੋਂ ਵਧੇਰੇ ਅਣਗਹਿਲੀ ਲੋਕ ਮਾਸਕ ਨਾ ਪਹਿਨਣ ’ਚ ਕਰਦੇ ਹਨ। ਜ਼ਿਲ੍ਹੇ ’ਚ 23 ਮਈ ਤੋਂ ਹੁਣ ਤੱਕ ਅਜਿਹੇ ਲੋਕਾਂ ਦੇ 3966 ਚਲਾਣ ਕੀਤੇ ਗਏ ਹਨ, ਜਿਨ੍ਹਾਂ ਦਾ 7,56,900 ਰੁਪਏ ਜੁਰਮਾਨਾ ਬਣਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ 10 ਰੁਪਏ ਦੇ ਮਾਸਕ ਪਿੱਛੇ ਉਹ 500 ਰੁਪਏ ਦਾ ਜੁਰਮਾਨਾ ਭੁਗਤਣਾ ਚਾਹੁੰਦੇ ਹਨ ਜਾਂ ਫ਼ਿਰ ਆਪਣਾ ਮੂੰਹ ਕਿਸੇ ਵੀ ਕੱਪੜੇ ਨਾਲ ਢਕਣ ਨੂੰ ਪਹਿਲ ਦੇਣਗੇ, ਇਹ ਹੁਣ ਉਨ੍ਹਾਂ ’ਤੇ ਨਿਰਭਰ ਕਰੇਗਾ। ਇਸੇ ਤਰ੍ਹਾਂ ਜਨਤਕ ਥਾਂਵਾਂ ’ਤੇ ਥੁੱਕ ਸੁੱਟਣ ਦੀ ਮਨਾਹੀ ਦੇ ਬਾਵਜੂਦ ਥੁੱਕਣ ਵਾਲੇ ਅਜਿਹੇ 896 ਵਿਅਕਤੀਆਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਮਾਸਕ ਨਾ ਪਹਿਨਣ ਜਾਂ ਥੁੱਕ ਸੁੱਟਣ ਦਾ ਜੁਰਮਾਨਾ ਇੱਕੋ ਜਿਹਾ ਭਾਵ 500 ਰੁਪਏ ਹੈ। ਉਨ੍ਹਾਂ ਦੱਸਿਆ ਕਿ ਥੁੱਕ ਸੁੱਟ ਕੇ ਅਸੀਂ ਕੋਰੋਨਾ ਦੇ ਫੈਲਣ ਦੇ ਖਤਰੇ ਨੂੰ ਵਧਾਉਂਦੇ ਹਾਂ, ਇਸ ਲਈ ਸਾਨੂੰ ਸਮਝਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਦੋ ਉਲੰਘਣਾਵਾਂ ਤੋਂ ਇਲਾਵਾ ਜਿਹੜੀ ਤੀਸਰੀ ਗਲਤੀ ਅਕਸਰ ਲੋਕ ਕਰਦੇ ਹਨ, ਉਹ ਵਾਹਨਾਂ ’ਚ ਮਿੱਥੀ ਗਿਣਤੀ ਤੋਂ ਵਧੇਰੇ ਸਵਾਰੀਆਂ ਨੂੰ ਬਿਠਾਉਣਾ ਹੈ, ਜਿਸ ਕਾਰਨ ਸਰਕਾਰ ਵੱਲੋਂ ਨਿਰਧਾਰਿਤ ਪ੍ਰੋਟੋਕਾਲ ਦੀ ਉਲੰਘਣਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਅਜਿਹੇ ਲੋਕਾਂ ਦੇ 1826 ਚਲਾਣ ਕੀਤੇ ਗਏ ਹਨ। ਐਸ ਐਸ ਪੀ ਅਲਕਾ ਮੀਨਾ ਅਨੁਸਾਰਜੇਕਰ ਅਸੀਂ ਲਾਕਡਾਊਨ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ ਤਾਂ ਇਸ ਨਾਲ ਜਿੱਥੇ ਕੋਰੋਨਾ ਦੇ ਖਤਰੇ ਨੂੰ ਦੂਰ ਕਰਾਂਗੇ ਉੱਥੇ ਆਪਣੇ ਜ਼ਿਲ੍ਹੇ ਅਤੇ ਰਾਜ ਵਿੱਚੋਂ ਕੋਵਿਡ ਨੂੰ ਖ਼ਤਮ ਕਰਨ ’ਚ ਵੀ ਸਰਕਾਰ ਦੀ ਸਹਾਇਤਾ ਕਰਾਂਗੇ।

Share This :

Leave a Reply