ਮਾਸਕ ਬਣਾਉਣ ਲਈ ਜ਼ਿਲ੍ਹਾ ਕੋਰਟ ਵੱਲੋਂ ਐਨ.ਜੀ.ਓ. ਖਾਲਸਾ ਏਡ ਤੇ ਸ੍ਰੀ ਰਾਮ ਧਰਮਅਰਥ ਟਰੱਸਟ ਮੋਰਿੰਡਾ ਦੇ ਸਹਿਯੋਗ ਨਾਲ ਕੀਤਾ ਕੰਮ ਸ਼ਲਾਘਾਯੋਗ : ਜਸਟਿਸ ਰਾਜਨ ਗੁਪਤਾ

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਚੰਡੀਗੜ੍ਹ ਹਾਈ ਕੋਰਟ ਤੋਂ ਵੀਡੀਉ ਕਾਨਫਰੰਸਿੰਗ ਰਾਹੀਂ ਜੇਲ੍ਹਾਂ ‘ਚ ਬਣੇ ਮਾਸਕ ਲੋੜਵੰਦਾਂ ‘ਚ ਵੰਡਣ ਦੀ ਸ਼ੁਰੂਆਤ ਕਰਦੇ ਹੋਏ।  ਇਸ ਮੌਕੇ ਜ਼ਿਲ੍ਹੇ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਵੀ ਨਜ਼ਰ ਆ ਰਹੇ ਹਨ।

ਪਟਿਆਲਾ ਸੂਬੇ ਦਾ ਪਹਿਲਾਂ ਜ਼ਿਲ੍ਹਾ ਜਿਥੇ ਜੇਲ ਅੰਦਰ ਮਾਸਕ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ : ਰਾਜਿੰਦਰ ਅਗਰਵਾਲ

ਪਟਿਆਲਾ ( ਤਰੁਣ ਮਹਿਤਾ) ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਚੇਅਰਮੈਨ ਜੇਲ ਕਮੇਟੀ ਜਸਟਿਸ ਰਾਜਨ ਗੁਪਤਾ ਨੇ ਅੱਜ ਚੰਡੀਗੜ੍ਹ ਸਥਿਤ ਹਾਈਕੋਰਟ ਤੋਂ ਵੀਡੀਉ ਕਾਨਫਰੰਸਿੰਗ ਰਾਹੀਂ ਕੇਂਦਰੀ ਜੇਲ ਪਟਿਆਲਾ ਤੇ ਨਵੀਂ ਜੇਲ ਨਾਭਾ ਵਿਖੇ ਕੈਦੀਆਂ ਵੱਲੋਂ ਬਣਾਏ ਮਾਸਕ ਲੋੜਵੰਦਾਂ ‘ਚ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਜ਼ਿਲ੍ਹਾ ਕਚਹਿਰੀਆਂ ਤੋਂ ਅਤੇ ਕੇਂਦਰੀ ਜੇਲ ਪਟਿਆਲਾ ਤੇ ਨਵੀਂ ਜੇਲ ਨਾਭਾ ਦੇ ਅੰਡਰ ਟਰਾਇਲ ਅਤੇ ਸਜ਼ਾ ਯਾਫ਼ਤਾ ਕੈਦੀਆਂ ਨੇ ਜੇਲ ਵਿਚੋਂ ਜਸਟਿਸ ਰਾਜਨ ਗੁਪਤਾ ਨਾਲ ਵੀਡੀਉ ਕਾਨਫਰੰਸਿੰਗ ਰਾਹੀਂ ਗੱਲ ਕੀਤੀ।ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਕਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਸਮੇਂ ਕੈਦੀਆਂ ਵੱਲੋਂ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ ਅਤੇ ਇਸ ਔਖੀ ਘੜੀ ਵਿੱਚ ਲੋਕਾਂ ਦੀ ਸਭ ਤੋਂ ਵੱਡੀ ਜ਼ਰੂਰਤ ਮਾਸਕ ਨੂੰ ਤਿਆਰ ਕਰਨ ਵਿੱਚ ਕੈਦੀਆਂ ਵੱਲੋਂ ਦਿਖਾਈ ਦਿਲਚਸਪੀ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹੈ।

ਉਨ੍ਹਾਂ ਜੇਲ ਅਧਿਕਾਰੀ ਨੂੰ ਕਿਹਾ ਕਿ ਜਿਨ੍ਹਾਂ ਕੈਦੀਆਂ ਵੱਲੋਂ ਮਾਸਕ ਬਣਾਏ ਗਏ ਹਨ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦਿੱਤੇ ਜਾਣ ਤਾਂ ਜੋ ਉਨ੍ਹਾਂ ਵੱਲੋਂ ਇਸ ਔਖੀ ਘੜੀ ਵਿੱਚ ਕੀਤੇ ਕੰਮ ਦੀ ਉਨ੍ਹਾਂ ਨੂੰ ਹੌਸਲਾ ਅਫ਼ਜਾਈ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮਾਸਕ ਬਣਾਉਣ ਵਾਲਿਆਂ ਦੀ ਸੂਚੀ ਅਦਾਲਤਾਂ ‘ਚ ਅਤੇ ਪੈਰੋਲ ਦੇਣ ਸਮੇਂ ਦੇਖੀ ਜਾਵੇ ਤਾਂ ਜੋ ਉਨ੍ਹਾਂ ਦੇ ਕੀਤੇ ਨੇਕ ਕੰਮ ਨੂੰ ਵੀ ਉਨ੍ਹਾਂ ਦੇ ਕੇਸ ਸਮੇਂ ਵਿਚਾਰਿਆ ਜਾਵੇ।ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਮਈ ਮਹੀਨੇ ਵੀ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਮਾਸਕ ਬਣਾਕੇ ਲੋੜਵੰਦਾਂ ਨੂੰ ਵੰਡੇ ਗਏ ਸਨ ਅਤੇ ਹੁਣ ਹੋਰ ਵੱਧ ਸਮਰੱਥਾ ਨਾਲ ਕੰਮ ਕਰਦਿਆ ਕੈਦੀਆਂ ਵੱਲੋਂ ਮਾਸਕ ਬਣਾਏ ਗਏ ਹਨ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਸਮੁੱਚੀ ਟੀਮ, ਕੇਂਦਰੀ ਜੇਲ ਪਟਿਆਲਾ, ਨਵੀਂ ਜੇਲ ਨਾਭਾ, ਐਨ.ਜੀ.ਓ. ਖਾਲਸਾ ਏਡ, ਸ੍ਰੀ ਰਾਮ ਧਰਮਅਰਥ ਟਰੱਸਟ ਮੋਰਿੰਡਾ ਤੇ ਗਲੋਬਲ ਹਿਊਮਨ ਸਰਵਿਸ ਆਰਗੇਨਾਈਜੇਸ਼ਨ ਪਟਿਆਲਾ  ਦੇ ਨੁਮਾਇੰਦਿਆਂ ਦੀ ਇਸ ਨੇਕ ਕਾਰਜ ਲਈ ਸ਼ਲਾਘਾ ਕੀਤੀ।ਹਾਈਕੋਰਟ ਤੋਂ ਵੀਡੀਉ ਕਾਨਫਰੰਸਿੰਗ ਰਾਹੀਂ ਮਾਸਕ ਵੰਡਣ ਦੀ ਸ਼ੁਰੂਆਤ ਕਰਵਾਉਣ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਸੂਬੇ ਦਾ ਪਹਿਲਾਂ ਪ੍ਰੋਜੈਕਟ ਹੈ ਜਿਥੇ ਜੇਲ ਅੰਦਰ ਮਾਸਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਜਨਹਿਤ ਸਮਿਤੀ ਦੇ ਸਹਿਯੋਗ ਨਾਲ ਮਾਸਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਮੀਡੀਆ ਵੱਲੋਂ ਚੰਗਾ ਪ੍ਰਚਾਰ ਕਰਨ ‘ਤੇ ਕਈ ਹੋਰ ਸੰਸਥਾਵਾਂ ਵੱਲੋਂ ਮਾਸਕ ਬਣਾਉਣ ਲਈ ਲੋੜੀਂਦਾ ਸਮਾਨ ਦੇਣ ਲਈ ਪਹਿਲ ਕੀਤੀ ਗਈ ਜਿਸ ਤਹਿਤ ਅੱਜ ਕਰੀਬ ਚਾਰ ਹਜ਼ਾਰ ਮਾਸਕ ਪਟਿਆਲਾ ਦੀਆਂ ਅੱਠ ਕਲੋਨੀਆਂ ਵਿੱਚ ਲੋੜਵੰਦਾਂ ਲਈ ਭੇਜੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਹ ਮਾਸਕ ਮੁਸਲਿਮ ਕਲੋਨੀ ਲਾਹੌਰੀ ਗੇਟ, ਦਾਰੂ ਕੁਟੀਆਂ, ਰਾਜਸਥਾਨੀ ਝੁੱਗੀਆਂ, ਰਾਮ ਨਗਰ ਕਾਲੋਨੀ, ਬਾਬਾ ਜੀਵਨ ਸਿੰਘ ਨਗਰ, ਰੰਗੇ ਸ਼ਾਹ ਕਾਲੋਨੀ, ਲੱਕੜ ਮੰਡੀ ਅਤੇ ਰਾਜ ਕਾਲੋਨੀ ਦੇ ਲੋੜਵੰਦ ਲੋਕਾਂ ਨੂੰ ਵੰਡਣ ਲਈ ਦਿੱਤੇ ਗਏ ਹਨ।ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਮਾਸਕ ਉੱਚ ਕੁਆਲਿਟੀ ਦੇ ਹਨ ਅਤੇ ਧੋਣ ਤੋਂ ਬਾਅਦ ਦੁਬਾਰਾ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਲਾਂ ਵਿੱਚ ਮਾਸਕ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਹੁਣ ਗਲੋਬਲ ਹਿਊਮਨ ਸਰਵਿਸ ਆਰਗੇਨਾਈਜੇਸ਼ਨ ਪਟਿਆਲਾ ਵੱਲੋਂ ਮਾਸਕ ਬਣਾਉਣ ਲਈ ਲੋੜੀਂਦਾ ਸਮਾਨ ਉਪਲਬਧ ਕਰਵਾਇਆ ਗਿਆ ਹੈ।ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਪ੍ਰੀਆ ਸੂਦ, ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀਮਤੀ ਤ੍ਰਿਪਤਜੋਤ ਕੌਰ, ਸੀ.ਜੇ.ਐਮ. ਮਿਸ ਪਰਮਿੰਦਰ ਕੌਰ, ਸੀ.ਜੇ.ਐਮ. ਸ੍ਰੀਮਤੀ ਦੀਪਤੀ ਗੁਪਤਾ, ਗਲੋਬਲ ਹਿਊਮਨ ਸਰਵਿਸ ਆਰੇਗਨਾਈਜੇਸ਼ਨ ਦੇ ਪੈਟਰਨ ਬਿਰਗੇਡੀਅਰ ਡੀ.ਐਸ. ਗਰੇਵਾਲ, ਪ੍ਰਧਾਨ ਕਰਨਲ (ਸੇਵਾਮੁਕਤ) ਬਿਸ਼ਨ ਦਾਸ, ਖਾਲਸਾ ਏਡ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ. ਅਮਨਪ੍ਰੀਤ ਸਿੰਘ, ਐਡਮਿਸਟਰੇਟਰ ਸ. ਗੁਰਪ੍ਰੀਤ ਸਿੰਘ, ਕੇਂਦਰੀ ਜੇਲ ਪਟਿਆਲਾ ਦੇ ਸੁਪਰਡੇਂਟ ਸ੍ਰੀ ਕਰਨਜੀਤ ਸਿੰਘ ਸੰਧੂ ਤੇ ਨਵੀਂ ਜੇਲ ਨਾਭਾ ਦੇ ਸੁਪਰਡੇਂਟ ਸ. ਗੁਰਚਰਨ ਸਿੰਘ ਧਾਲੀਵਾਲ, ਡੀ.ਐਸ.ਪੀ. ਯੋਗੇਸ਼ ਸ਼ਰਮਾ ਵੀ ਮੌਜੂਦ ਸਨ।

Share This :

Leave a Reply